ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਫਰਵਰੀ
ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਚਾਹੜ ਵਿੱਚ ਬੀਤੀ ਰਾਤ ਲੈਂਟਰ ਡਿੱਗਣ ਨਾਲ ਇੱਕ ਮਜ਼ਦੂਰ ਤੇ 11 ਮੱਝਾਂ ਦੀ ਮੌਤ ਹੋ ਗਈ। ਪਿੰਡ ਵਿੱਚ ਡੇਅਰੀ ਬਣੀ ਹੋਈ ਸੀ, ਜਿਸ ਦੇ ਕਮਰੇ ਦੀ ਛੱਤ ਤੜਕੇ ਡਿੱਗ ਗਈ। ਇਸ ਦੌਰਾਨ ਲੈਂਟਰ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਕੁੱਝ ਮੱਝਾਂ ਨੂੰ ਬਚਾ ਲਿਆ। ਮ੍ਰਿਤਕ ਮਜ਼ਦੂਰ ਦੀ ਪਛਾਣ ਨਾਰਾਇਣ ਪਾਸਵਾਨ ਵਜੋਂ ਹੋਈ ਹੈ, ਜੋ ਬਿਹਾਰ ਦਾ ਰਹਿਣ ਵਾਲਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਨਡੀਆਰਐਫ਼ ਦੀ ਟੀਮ ਮੌਕੇ ’ਤੇ ਪੁੱਜੀ ਤੇ ਉਨ੍ਹਾਂ ਨੇ ਬਚਾਅ ਕਾਰਜ ਸ਼ੁਰੂ ਕਰਵਾਇਆ। ਥਾਣਾ ਲਾਡੋਵਾਲ ਦੀ ਟੀਮ ਮੌਕੇ ’ਤੇ ਪੁੱਜੀ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ ਇਹ ਘਟਨਾ ਸ਼ਨਿੱਚਰਵਾਰ ਤੜਕੇ ਦੋ ਵਜੇ ਦੀ ਕਰੀਬ ਦੀ ਹੈ। ਮ੍ਰਿਤਕ ਪਾਸਵਾਨ ਕਮਰੇ ਵਿੱਚ ਸੁੱਤਾ ਹੋਇਆ ਸੀ, ਕਮਰਾ ਕਾਫ਼ੀ ਪੁਰਾਣਾ ਸੀ। ਨਾਰਾਇਣ ਪਾਸਵਾਨ 500 ਗਜ਼ ਦੇ ਪਲਾਟ ਵਿੱਚ ਰੱਖੀਆਂ ਗਈਆਂ ਮੱਝਾਂ ਦੀ ਦੇਖ-ਰੇਖ ਕਰਦਾ ਸੀ। ਰਾਤ ਨੂੰ ਨਾਰਾਇਣ ਉੱਥੇ ਹੀ ਸੁੱਤਾ ਹੋਇਆ ਸੀ, ਇਸ ਦੌਰਾਨ ਅਚਾਨਕ ਹੀ ਡੇਅਰੀ ਦੀ ਛੱਤ ਡਿੱਗ ਗਈ। ਇਸ ਦੇ ਥੱਲੇ ਨਾਰਾਇਣ ਤੇ ਮੱਝਾਂ ਆ ਗਈਆਂ, ਲੈਂਟਰ ਡਿੱਗਣ ਦੀ ਆਸਪਾਸ ਦੇ ਲੋਕਾਂ ਨੇ ਸੂਚਨਾ ਪੁਲੀਸ ਨੂੰ ਦਿੱਤੀ। ਮੌਕੇ ’ਤੇ ਪੁੱਜੀ ਪੁਲੀਸ ਦੀ ਟੀਮ ਨੇ ਜਦੋਂ ਹਾਲਾਤ ਦੇਖੇ ਤਾਂ ਐਨਡੀਆਰਐਫ਼ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਐਨਡੀਆਰਐਫ਼ ਦੀ ਟੀਮ ਨੇ ਬਚਾਅ ਕਾਰਜ ਚਲਾਇਆ। ਸਵੇਰੇ 9 ਵਜੇ ਦੇ ਕਰੀਬ ਨਾਰਾਇਣ ਤੇ 11 ਮੱਝਾਂ ਲੈਂਟਰ ਦੇ ਮਲਬੇ ਥੱਲੋਂ ਕੱਢੀਆਂ ਗਈਆਂ।
ਮੌਕੇ ’ਤੇ ਵਿਧਾਇਕ ਕੁਲਦੀਪ ਸਿੰਘ ਵੈਦ ਵੀ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਤੇ ਮ੍ਰਿਤਕ ਪਰਿਵਾਰ ਦੀ ਮਦਦ ਕਰਨ ਲਈ ਕਿਹਾ।