ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 10 ਜੂਨ
ਮੂੰਗੀ ਦੀ ਹੱਬ ਬਣ ਚੁੱਕੀ ਜਗਰਾਉਂ ਮੰਡੀ ’ਚ ਮੂੰਗੀ ਦੇ ਅੰਬਾਰ ਲੱਗ ਗਏ ਹਨ। ਸਰਕਾਰੀ ਖਰੀਦ ਨਾ ਹੋਣ ਕਰਕੇ ਵਪਾਰੀ ਮਨਮਰਜ਼ੀ ਦੇ ਭਾਅ ਮੂੰਗੀ ਖਰੀਦ ਰਹੇ ਹਨ। ਕਿਸਾਨਾਂ ਨੂੰ ਘੱਟੋ ਘੱਟ ਸਮੱਰਥਨ ਮੁੱਲ ਤੋਂ ਬਹੁਤ ਘੱਟ ਭਾਅ ਮਿਲ ਰਿਹਾ ਹੈ। ਕੋਈ ਚਾਰਾ ਨਾ ਹੋਣ ਕਰਕੇ ਕਿਸਾਨ ਮਿਲਦੇ ਭਾਅ ਹੀ ਮੂੰਗੀ ਵੇਚਣ ਲਈ ਮਜਬੂਰ ਹਨ। ਕੇਂਦਰ ਸਰਕਾਰ ਵੱਲੋਂ ਮੂੰਗੀ ਦੇ ਭਾਅ ’ਚ ਕੱਲ੍ਹ ਕੀਤਾ 79 ਰੁਪਏ ਦਾ ਵਾਧਾ ਵੀ ਬੇਕਾਰ ਸਾਬਤ ਹੋ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੇ ਮੂੰਗੀ ਦੀ ਮਿਥੇ ਭਾਅ ’ਤੇ ਖਰੀਦ ਹੀ ਨਹੀਂ ਕਰਨੀ ਤਾਂ ਇਹ ਵਾਧਾ ਕੋਈ ਅਰਥ ਨਹੀਂ ਰੱਖਦਾ। ਪਹਿਲਾਂ ਇਹ ਭਾਅ 7,196 ਰੁਪਏ ਸੀ ਤੇ ਉਦੋਂ ਵੀ ਸਥਾਨਕ ਮੰਡੀ ’ਚ ਮੂੰਗੀ ਛੇ ਹਜ਼ਾਰ ਤੋਂ ਹੇਠਾਂ ਵਿਕ ਰਹੀ ਸੀ ਅਤੇ ਅੱਜ ਭਾਅ 7,275 ਹੋਣ ਤੋਂ ਬਾਅਦ ਵੀ ਮੂੰਗੀ ਇਸੇ ਭਾਅ ਖਰੀਦੀ ਜਾ ਰਹੀ ਹੈ। ਐੱਮਐੱਸਪੀ ’ਤੇ ਗਾਰੰਟੀ ਦਾ ਕਾਨੂੰਨ ਨਾ ਹੋਣ ਕਰਕੇ ਹੁੰਦੀ ਲੁੱਟ ਦਾ ਜਗਰਾਉਂ ਗਵਾਹ ਬਣਿਆ ਹੈ। ਇਸ ਵਾਰ ਮੂੰਗੀ ਦੀ ਬੰਪਰ ਫ਼ਸਲ ਹੋਈ ਹੈ ਅਤੇ ਜਗਰਾਉਂ ’ਚ ਮਾਲਵੇ ਤੇ ਦੁਆਬੇ ’ਚ ਕਿਸਾਨ ਮੂੰਗੀ ਲੈ ਕੇ ਪਹੁੰਚੇ ਹਨ। ਇਥੇ ਕਈ ਦਾਲ ਮਿੱਲਾਂ ਤੇ ਦਾਲਾਂ ਦੇ ਵਪਾਰੀ ਹੋਣ ਕਰਕੇ ਕਿਸਾਨ ਦੂਰੋਂ ਦੂਰੋਂ ਮੂੰਗੀ ਤੇ ਮੱਕੀ ਲੈ ਕੇ ਆਉਂਦੇ ਹਨ। ਕੁਝ ਆੜ੍ਹਤੀਆਂ ਤੇ ਕਿਸਾਨਾਂ ਨੇ ਦੱਸਿਆ ਕਿ ਸਰਕਾਰੀ ਰਿਕਾਰਡ ਦਰੁਸਤ ਰੱਖਣ ਲਈ ਪੂਰੀ ਮੰਡੀ ’ਚੋਂ ਵਪਾਰੀ ਇਕ ਦੋ ਢੇਰੀਆਂ ਦੀ ਬੋਲੀ ਸੱਤ ਹਜ਼ਾਰ ਦੇ ਨੇੜ ਲਾਉਂਦੇ ਹਨ। ਬਾਕੀ ਹਜ਼ਾਰਾਂ ਕੁਇੰਟਲ ਮੂੰਗੀ 5500 ਤੋਂ ਛੇ ਹਜ਼ਾਰ ਰੁਪਏ ਦੇ ਹਿਸਾਬ ਨਾਲ ਹੀ ਖਰੀਦੀ ਜਾਂਦੀ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਮੂੰਗੀ ਨੂੰ ਦੋ ਢੇਰੀਆਂ ’ਚ ਵੰਡ ਦਿੱਤਾ। ਬੋਲੀ ਲਈ ਆਏ ਵਪਾਰੀਆਂ ਨੇ ਇਕ ਢੇਰੀ ਦਾ ਭਾਅ 6,125 ਲਾਇਆ ਜਦਕਿ ਦੂਸਰੀ ਦਾ ਛੇ ਹਜ਼ਾਰ ਤੋਂ ਘੱਟ। ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਦੱਸਿਆ ਕਿ ਸਰਕਾਰੀ ਖਰੀਦ ਨਾ ਹੋਣ ਕਰਕੇ ਭਾਅ ਘੱਟ ਲੱਗ ਰਿਹਾ ਹੈ।