ਗੁਰਿੰਦਰ ਸਿੰਘ
ਲੁਧਿਆਣਾ, 19 ਦਸੰਬਰ
ਸ੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਜਗਰਾਉਂ ਪੁਲ ਸਥਿਤ ਦੁਰਗਾ ਮਾਤਾ ਮੰਦਰ ਤੋਂ ਵਿਸ਼ਾਲ ਰੱਥ ਯਾਤਰਾ ਕੱਢੀ ਗਈ, ਜਿਸਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਾਢੇ ਪੰਜ ਕਿਲੋਮੀਟਰ ਲੰਬੀ ਇਹ ਰੱਥ ਯਾਤਰਾ ਦੁਰਗਾ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਫੁਆਰਾ ਚੌਕ, ਘੁਮਾਰ ਮੰਡੀ, ਆਰਤੀ ਚੌਕ ਤੋਂ ਹੁੰਦੀ ਹੋਈ ਫਿਰੋਜ਼ਪੁਰ ਰੋਡ ਤੋਂ ਸਰਾਭਾ ਨਗਰ ਸਥਿਤ ਨਵ ਦੁਰਗਾਪੁਰ ਮਾਤਾ ਮੰਦਰ ਵਿਖੇ ਸਮਾਪਤ ਹੋਈ। ਯਾਤਰਾ ਵਿਚ ਦੇਸ਼ ਪ੍ਰਦੇਸ਼ ਤੋਂ ਪੁੱਜੇ ਸ਼ਰਧਾਲੂਆਂ ਨੇ ਸ੍ਰੀ ਕ੍ਰਿਸ਼ਨ ਬਲਰਾਮ ਦਾ ਰੱਥ ਖਿੱਚ ਕੇ ਆਪਣੀ ਸ਼ਰਧਾ ਪ੍ਰਗਟ ਕੀਤੀ। ਯਾਤਰਾ ਦੇ ਸਾਰੇ ਰਸਤੇ ਨੂੰ ਸ਼ਾਨਦਾਰ ਸਜਾਵਟੀ ਗੇਟਾਂ, ਰੰਗ-ਬਿਰੰਗੇ ਝੰਡਿਆਂ ਅਤੇ ਰੌਸ਼ਨੀਆਂ ਨਾਲ ਸਜਾਇਆ ਗਿਆ ਸੀ। ਲਗਪਗ 100 ਥਾਵਾਂ ’ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ। ਪੁਲੀਸ ਵੱਲੋਂ ਆਵਾਜਾਈ ਨਿਯਮਿਤ ਰੱਖਣ ਲਈ 150 ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਸ ਮੌਕੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਪ੍ਰਤੀਨਿਧ ਪੁੱਜੇ ਹੋਏ ਸਨ, ਜਿਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੁਰਿੰਦਰ ਡਾਵਰ, ਸੰਜੇ ਤਲਵਾੜ ਅਤੇ ਕੁਲਦੀਪ ਸਿੰਘ ਵੈਦ ਤੋਂ ਇਲਾਵਾ ਪ੍ਰਿਤਪਾਲ ਸਿੰਘ ਪ੍ਰਧਾਨ, ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਜਰਨੈਲ ਸਿੰਘ ਸ਼ਿਮਲਾਪੁਰੀ, ਅਮਰਜੀਤ ਸਿੰਘ ਟਿੱਕਾ ਅਤੇ ਵੱਖ-ਵੱਖ ਉੱਘੀਆਂ ਸਖ਼ਸ਼ੀਅਤਾਂ ਵੀ ਹਾਜ਼ਰ ਸਨ।
ਪਵਿੱਤਰ ਗੀਤਾ ਨੇ ਮੈਨੂੰ ਜੀਵਨ ਵਿੱਚ ਸੇਧ ਦਿੱਤੀ: ਚੰਨੀ
ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੱਥ ਯਾਤਰਾ ਦੀ ਸ਼ੁਰੂਆਤ ਮੌਕੇ ਸਮਾਗਮ ਦੌਰਾਨ ਸ੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ‘ਰਾਜ ਉਤਸਵ’ ਵਜੋਂ ਮਨਾਉਣ ਦਾ ਐਲਾਨ ਕਰਦਿਆਂ ਲੁਧਿਆਣਾ ਦੇ ਮੰਦਰ ਲਈ 2 ਕਰੋੜ 52 ਲੱਖ ਰੁਪਏ ਦੀ ਰਾਸ਼ੀ ਵੀ ਦੇਣ ਦਾ ਐਲਾਨ ਕੀਤਾ। ਭਗਵਤ ਗੀਤਾ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਦੱਸਿਆ ਕਿ ਲਗਭਗ 25 ਸਾਲ ਪਹਿਲਾਂ, ਜਦੋਂ ਉਹ ਕੌਂਸਲਰ ਬਣੇ ਸਨ ਤਾਂ ਇੱਕ ਨੇਕ ਰੂਹ ਨੇ, ਉਨ੍ਹਾਂ ਨੂੰ ਮਨ ਦੀ ਸ਼ਾਂਤੀ ਲਈ ਪਵਿੱਤਰ ਭਗਵਦ ਗੀਤਾ ਦਾ ਇੱਕ ਸਲੋਕ ਹਰ ਰੋਜ਼ ਪੜ੍ਹਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਵਿੱਤਰ ਗੀਤਾ ਨੇ ਉਨ੍ਹਾਂ ਦੇ ਜੀਵਨ ਨੂੰ ਸੇਧ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਟਿਆਲਾ ਵਿੱਚ 20 ਏਕੜ ਜ਼ਮੀਨ ’ਤੇ ਸ੍ਰੀ ਭਗਵਦ ਗੀਤਾ ਅਤੇ ਰਾਮਾਇਣ ਖੋਜ ਕੇਂਦਰ ਵਿਕਸਤ ਕੀਤਾ ਜਾ ਰਿਹਾ ਹੈ।