ਪੱਤਰ ਪ੍ਰੇਰਕ
ਮਾਛੀਵਾੜਾ, 16 ਸਤੰਬਰ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮਾਛੀਵਾੜਾ ਦੀ ਮੀਟਿੰਗ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਕਲਗੀਧਰ ਨਿਵਾਸ ਵਿਖੇ ਮਨਰਾਜ ਸਿੰਘ ਲੁਬਾਣਗੜ੍ਹ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਤੇ ਜਥੇਦਾਰ ਮਨਮੋਹਣ ਸਿੰਘ ਖੇੜਾ ਨੇ ਦੱਸਿਆ ਕਿ ਚੀਨੀ ਵਾਇਰਸ ਨਾਲ ਕਿਸਾਨਾਂ ਦੇ ਝੋਨੇ ਦਾ ਜੋ ਨੁਕਸਾਨ ਹੋਇਆ ਹੈ ਸਰਕਾਰ ਉਸ ਦੀ ਗਿਰਦਵਾਰੀ ਕਰਵਾ ਕੇ ਬਣਦਾ ਮੁਆਵਜ਼ਾ ਦੇਵੇ ਤਾਂ ਜੋ ਉਨ੍ਹਾਂ ਦੀ ਭਰਪਾਈ ਹੋ ਸਕੇ। ਉਨ੍ਹਾਂ ਕਿਹਾ ਕਿ ਵਾਇਰਸ ਕਾਰਨ ਕਿਸਾਨਾਂ ਦੀਆਂ ਫਸਲਾਂ ਦੀ ਕਾਫੀ ਨੁਕਸਾਨ ਹੋਇਆ ਹੈ ਤੇ ਸਰਕਾਰ ਵੱਲੋਂ ਇਸ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ 20 ਸਤੰਬਰ ਨੂੰ ਮੋਰਿੰਡਾ ਵਿੱਚ ਪਾਣੀਆਂ ਦੀ ਰਾਖੀ ਲਈ ਹੋ ਰਹੀ ਰੈਲੀ ’ਚ ਸ਼ਾਮਲ ਹੋਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ, ਜਨਰਲ ਸਕੱਤਰ ਅਮਰੀਕ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਕਰਮਜੀਤ ਸਿੰਘ, ਮਨਮੋਹਣ ਸਿੰਘ ਖੇੜਾ, ਸੰਪੂਰਨ ਸਿੰਘ ਧਾਲੀਵਾਲ, ਨਿਰਮਲ ਸਿੰਘ, ਕਰਮਜੀਤ ਸਿੰਘ ਮਾਂਗਟ, ਬਾਬਾ ਹਰਬੰਤ ਸਿੰਘ, ਜਗਨ ਨਾਥ, ਹਰਜੀਤ ਗਰੇਵਾਲ, ਨਾਹਰ ਸਿੰਘ ਆਦਿ ਹਾਜ਼ਰ ਸਨ।
ਬੀਕੇਯੂ ਉਗਰਾਹਾਂ ਨੇ ਐੱਸਐੱਸਪੀ ਤੋਂ ਕਿਸਾਨਾਂ ਖ਼ਿਲਾਫ਼ ਪਰਚੇ ਰੱਦ ਕਰਨ ਦੀ ਮੰਗ ਕੀਤੀ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਰੋਡ ਸੰਘਰਸ਼ ਕਮੇਟੀ ਦਾ ਸਾਂਝਾ ਵਫ਼ਦ ਚਰਨ ਸਿੰਘ ਨੂਰਪੁਰਾ ਅਤੇ ਬਲਵੰਤ ਸਿੰਘ ਘੁਡਾਣੀ ਦੀ ਅਗਵਾਈ ਹੇਠ ਅੱਜ ਇਥੇ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੂੰ ਮਿਲਿਆ। ਵਫ਼ਦ ਨੇ ਭੱਟੀਆਂ ਢਾਹਾਂ ਦਾ ਮਾਮਲਾ ਐੱਸਐੱਸਪੀ ਦੇ ਧਿਆਨ ’ਚ ਲਿਆਂਦਾ ਜਿੱਥੇ ਕਿਸਾਨਾਂ ਦੀ ਜ਼ਮੀਨ ਜਬਰਨ ਕਬਜ਼ੇ ’ਚ ਲੈਣ ਦੀ ਕੋਸ਼ਿਸ਼ ਕੀਤੀ ਗਈ। ਇਸ ਕੋਸ਼ਿਸ਼ ’ਚ ਕਿਸਾਨਾਂ ਦੀ ਫ਼ਸਲ ’ਤੇ ਚਲਾਉਣ ਲਈ ਮਸ਼ੀਨਾਂ ਵੀ ਲਿਆਂਦੀਆਂ ਗਈਆਂ ਸਨ। ਥਾਣਾ ਮੁਖੀ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਦੇ ਆਗੂ ਜਸਵੰਤ ਸਿੰਘ (65) ਨੂੰ ਨਾਜਾਇਜ਼ ਹਿਰਾਸਤ ’ਚ ਲੈ ਕੇ ਉਸ ’ਤੇ ਕਥਿਤ ਤਸ਼ੱਦਦ ਕੀਤਾ ਗਿਆ ਜਿਹੜਾ ਹੁਣ ਸਰਕਾਰੀ ਹਸਪਤਾਲ ਸੁਧਾਰ ਵਿਖੇ ਜ਼ੇਰੇ ਇਲਾਜ ਹੈ। ਆਗੂਆਂ ਨੇ ਕਿਹਾ ਕਿ ਧੱਕੇਸ਼ਾਹੀ ਦਾ ਵਿਰੋਧ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਕਈ ਆਗੂਆਂ ਖ਼ਿਲਾਫ਼ ਪਰਚੇ ਵੀ ਦਰਜ ਕੀਤੇ ਗਏ ਹਨ। ਐੱਸਐੱਸਪੀ ਹਰਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਕੋਈ ਪਰਚਾ ਦਰਜ ਕੀਤਾ ਨਹੀਂ ਕੀਤਾ ਜਾਵੇਗਾ ਤੇ ਬਿਨਾਂ ਕਿਸਾਨਾਂ ਦੀ ਸਹਿਮਤੀ ਤੋਂ ਜ਼ਮੀਨ ਕਬਜ਼ੇ ’ਚ ਨਹੀਂ ਲਈ ਜਾਵੇਗੀ।