ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਅਗਸਤ
ਦੋ ਦਿਨ ਪਹਿਲਾਂ ਘਰ ਤੋਂ ਆਪਣੇ ਸਾਈਕਲ ’ਤੇ ਸਵਾਰ ਹੋ ਕੇ ਨਿਕਲਿਆ 9 ਸਾਲਾਂ ਸਹਿਜਪ੍ਰੀਤ 2 ਦਿਨ ਤੋਂ ਲਾਪਤਾ ਚੱਲ ਰਿਹਾ ਹੈ। ਪਰਿਵਾਰ ਵਾਲਿਆਂ ਨੇ ਉਸਦੀ ਕਈ ਥਾਂਵਾਂ ’ਤੇ ਭਾਲ ਕੀਤੀ, ਪਰ ਉਹ ਨਹੀਂ ਮਿਲਿਆ ਤਾਂ ਪਰਿਵਾਰ ਵਾਲੇ ਸ਼ਨਿੱਚਰਵਾਰ ਨੂੰ ਸੜਕਾਂ ’ਤੇ ਉਤਰ ਆਏ। ਉਨ੍ਹਾਂ ਹੱਥਾਂ ’ਚ ਬੱਚੇ ਦੀ ਫੋਟੋ ਵਾਲੇ ਬੈਨਰ ਫੜ੍ਹੇ ਹੋਏ ਸਨ ਜਿਸ ’ਤੇ ਬੱਚੇ ਦੀ ਜਾਣਕਾਰੀ ਦੇਣ ਵਾਲੇ ਨੂੰ 5100 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ। ਪਰਿਵਾਰ ਵਾਲਿ਼ਆਂ ਨੇ ਦੋਸ਼ ਲਾਇਆ ਕਿ ਬੱਚਾ ਆਪਣੇ ਰਿਸ਼ਤੇਦਾਰ ਨਾਲ ਸਾਈਕਲ ’ਤੇ ਗਿਆ ਸੀ ਤੇ ਪਿਛੋਂ ਬੱਚਾ ਗਾਇਬ ਹੋ ਗਿਆ। ਉਨ੍ਹਾਂ ਨੇ ਇਸ ਮਾਮਲੇ ਵਿੱਚ ਪੁਲੀਸ ਨੁੰ ਸ਼ਿਕਾਇਤ ਦਿੱਤੀ ਹੈ। ਥਾਣਾ ਮਾਡਲ ਟਾਊਨ ਪੁਲੀਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਉਸ ਰਿਸ਼ਤੇਦਾਰ ਤੋਂ ਵੀ ਪੁੱਛਗਿਛ ਕੀਤੀ ਜਾਵੇ ਤਾਂ ਕਿ ਬੱਚੇ ਬਾਰੇ ਕੁਝ ਪਤਾ ਲੱਗ ਸਕੇ। ਪਰਿਵਾਰ ਨੇ ਥਾਣਾ ਮਾਡਲ ਟਾਊਨ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਪੁਲੀਸ ਨੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਬੱਚੇ ਦੇ ਬਾਰੇ ’ਚ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਸਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਜਾਵੇਗਾ। ਅਬਦੁਲਾਪੁਰ ਬਸਤੀ ਦੇ ਲਾਲ ਕੁਆਰਟਰ ’ਚ ਰਹਿਣ ਵਾਲੇ ਸਹਿਜਪ੍ਰਤਿ ਦੇ ਪਰਿਵਾਰ ਵਾਲਿ਼ਆਂ ਨੇ ਦੱਸਿਆ ਕਿ 18 ਅਗਸਤ ਦੀ ਰਾਤ ਕਰੀਬ ਸਾਢੇ 9 ਵਜੇ ਉਹ ਬਿਨਾਂ ਦੱਸੇ ਘਰੋਂ ਨਿਕਲ ਗਿਆ। ਪਰਿਵਾਰ ਵਾਲਿਆਂ ਨੇ ਉਸਦੀ ਕਾਫ਼ੀ ਭਾਲ ਕੀਤੀ, ਪਰ ਕੁਝ ਪਤਾ ਨਹੀਂ ਲੱਗ ਸਕਿਆ। ਪਰਿਵਾਰ ਵਾਲਿਆਂ ਨੇ ਇਸਦੀ ਸ਼ਿਕਾਇਤ ਥਾਣਾ ਮਾਡਲ ਟਾਊਨ ਪੁਲੀਸ ਨੂੰ ਕੀਤੀ। ਪੁਲੀਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਬੱਚੇ ਦਾ ਹਾਲੇ ਕੁਝ ਪਤਾ ਨਹੀਂ ਲੱਗਿਆ। ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਖੁਦ ਦਰ-ਦਰ ਭਟਕ ਰਹੇ ਹਨ। ਲੋਕਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ, ਪਰ ਪੁਲੀਸ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਚਾਹੀਦਾ ਹੈ ਕਿ ਉਸ ਰਿਸ਼ਤੇਦਾਰ ਜਿਸ ਦੇ ਪਿੱਛੇ ਸਹਿਜਪ੍ਰੀਤ ਗਿਆ ਸੀ, ਉਸ ਤੋਂ ਪੁੱਛ ਪੜਤਾਲ ਕਰਨੀ ਚਾਹੀਦੀ ਹੈ, ਪਰ ਪੁਲੀਸ ਨਹੀਂ ਕਰ ਰਹੀ। ਉਧਰ, ਪੁਲੀਸ ਦਾ ਕਹਿਣਾ ਹੈ ਕਿ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਸਦਾ ਵੀ ਪਤਾ ਲਾ ਲਿਆ ਜਾਵੇਗਾ।