ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਦਸੰਬਰ
ਨੇੜਲੇ ਪਿੰਡ ਚੀਮਨਾ ਤੋਂ ਬੁਜਗਰ ਦੇ ਰਸਤੇ ਸੂਏ ’ਤੇ ਪੁਰਾਣਾ ਗਿਆਰਾਂ ਫੁੱਟ ਚੌੜਾ ਪੁਲ ਬਣਿਆ ਹੋਇਆ ਹੈ। ਇਹ ਪੁਲ ਖਸਤਾ ਹਾਲ ਤੇ ਘੱਟ ਚੌੜਾ ਹੋਣ ਕਰਕੇ ਇਲਾਕਾ ਨਿਵਾਸੀਆਂ ਲਈ ਮੁਸੀਬਤ ਸੀ ਜਿਸ ਨੂੰ ਨੇੜਲੇ ਪਿੰਡਾਂ ਦੀ ਚੌੜਾ ਕਰਕੇ ਨਵਾਂ ਬਣਾਉਣ ਦੀ ਕਾਫੀ ਸਮੇਂ ਦੀ ਮੰਗ ਚੱਲੀ ਆ ਰਹੀ ਸੀ। ਇਹ ਮੰਗ ਹੁਣ ਪੂਰੀ ਹੋਣ ਜਾ ਰਹੀ ਹੈ ਕਿਉਂਕਿ ਸਰਕਾਰ ਨੇ ਇਹ ਪੁਲ 27 ਫੁੱਟ ਚੌੜਾ ਕਰਕੇ ਨਵਾਂ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਅੱਜ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਮੋਹਤਬਰਾਂ ਨਾਲ ਮਿਲ ਕੇ ਇਹ ਕੰਮ ਸ਼ੁਰੂ ਕਰਵਾਇਆ। ਚੇਅਰਮੈਨ ਗਰੇਵਾਲ ਨੇ ਦੱਸਿਆ ਕਿ 52 ਲੱਖ ਦੀ ਲਾਗਤ ਨਾਲ ਇਹ 30 ਫੁੱਟ ਲੰਬਾਈ ਵਾਲਾ ਪੁਲ ਜਲਦ ਬਣਾ ਕੇ ਤਿਆਰ ਹੋ ਜਾਵੇਗਾ। ਪਿੰਡ ਚੀਮਨਾ ਦੇ ਸਰਪੰਚ ਇਕਬਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਰਾਣਾ ਪੁਲ ਘੱਟ ਚੌੜਾ ਤੇ ਖਸਤਾ ਹਾਲ ਸੀ ਜਿਸ ਕਰਕੇ ਲੋਕ ਪ੍ਰੇਸ਼ਾਨ ਸਨ। ਉਨ੍ਹਾਂ ਨਵਾਂ ਪੁਲ 27 ਫੁੱਟ ਚੌੜਾ ਕਰਕੇ ਬਣਾਉਣ ਲਈ ਪੰਜਾਬ ਸਰਕਾਰ ਤੇ ਚੇਅਰਮੈਨ ਗਰੇਵਾਲ ਦਾ ਧੰਨਵਾਦ ਕੀਤਾ। ਇਸ ਸਮੇਂ ਬਲਾਕ ਕਾਂਗਰਸ ਦਿਹਾਤੀ ਪ੍ਰਧਾਨ ਸਰਪੰਚ ਜਗਜੀਤ ਸਿੰਘ ਕਾਉਂਕੇ, ਸਾਬਕਾ ਸ਼ਹਿਰੀ ਪ੍ਰਧਾਨ ਗੋਪਾਲ ਸ਼ਰਮਾ, ਸਰਪੰਚ ਹਰਿੰਦਰ ਸਿੰਘ ਗਗੜਾ, ਡਾਇਰੈਕਟਰ ਸੁਖਦੇਵ ਸਿੰਘ ਸ਼ੇਰਪੁਰਾ, ਸਰਪੰਚ ਬਲਵੀਰ ਸਿੰਘ ਮਲਕ, ਸਰਪੰਚ ਜਸਪ੍ਰੀਤ ਸਿੰਘ ਬੁਜਗਰ, ਗੁਰਪ੍ਰੀਤ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਇਕਬਾਲ ਸਿੰਘ ਮਲਕ, ਪ੍ਰੇਮ ਭੰਡਾਰੀ, ਪੰਚ ਰਛਪਾਲ ਸਿੰਘ, ਗੁਰਦੀਪ ਸਿੰਘ ਬੁਜਗਰ, ਜਰਨੈਲ ਸਿੰਘ ਮਲਕ, ਇੰਦਰਜੀਤ ਸਿੰਘ ਮਲਕ, ਬਿੱਕਰ ਸਿੰਘ ਚੀਮਨਾ, ਪ੍ਰਧਾਨ ਅਮਰਜੀਤ ਸਿੰਘ ਮੌਜੂਦ ਸਨ।