ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 3 ਮਾਰਚ
ਅਨੁਸੂਚਿਤ ਜਾਤੀ ਨਾਲ ਸਬੰਧਤ ਗਰੀਬ ਪਰਿਵਾਰ ਨੂੰ ਨਾਜਾਇਜ਼ ਹਿਰਾਸਤ ’ਚ ਥਾਣੇ ਰੱਖ ਕੇ ਕਥਿਤ ਜ਼ੁਲਮ ਢਾਹੁਣ ਸਬੰਧੀ ਦਰਜ ਮੁਕੱਦਮੇ ਦੇ ਮੁਲਜ਼ਮ ਡੀਐੱਸਪੀ ਗੁਰਿੰਦਰ ਬੱਲ, ਏਐੱਸਆਈ ਰਾਜਵੀਰ ਸਿੰਘ ਸਮੇਤ ਹੋਰਨਾਂ ਖ਼ਿਲਾਫ਼ ‘ਜਾਣਬੁੱਝ’ ਕੇ ਕਾਰਵਾਈ ਨਾ ਕੀਤੇ ਜਾਣ ਤੋਂ ਜਨਤਕ ਜਥੇਬੰਦੀਆਂ ਖਫ਼ਾ ਹਨ। ਇਨ੍ਹਾਂ ਜਥੇਬੰਦੀਆਂ ਦੇ ਵਫ਼ਦ ਨੇ ਇਸ ਸਬੰਧੀ ਕਾਰਵਾਈ ਲਈ ਅੱਜ ਵਫ਼ਦ ਦੇ ਰੂਪ ’ਚ ਜ਼ਿਲ੍ਹਾ ਪੁਲੀਸ ਮੁਖੀ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਅਗਲੇ ਐਕਸ਼ਨ ਲਈ 11 ਮਾਰਚ ਨੂੰ ਮੀਟਿੰਗ ਸੱਦ ਲਈ ਹੈ। ਐੱਸਐੱਸਪੀ ਨੂੰ ਮਿਲੇ ਵਫ਼ਦ ’ਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਮਾਣੂੰਕੇ, ਕਿਸਾਨ ਬਚਾਓ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਮਲਕ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਤੇ ਬਲਾਕ ਸਕੱਤਰ ਦਵਿੰਦਰ ਸਿੰਘ ਕਾਉਂਕੇ, ਕੁੱਲ ਹਿੰਦ ਕਿਸਾਨ ਸਭਾ ਦੇ ਸੰਯੁਕਤ ਸਕੱਤਰ ਨਿਰਮਲ ਸਿੰਘ ਧਾਲੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਆਗੂ ਮਨੋਹਰ ਸਿੰਘ ਝੋਰੜਾਂ, ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਢੋਲਣ ਸ਼ਾਮਲ ਸਨ। ਉਨ੍ਹਾਂ ਦੋਸ਼ ਲਾਇਆ ਕਿ ਡੀਐੱਸਪੀ ਪੁਲੀਸ ਅਧਿਕਾਰੀਆਂ ਨਾਲ ਕਥਿਤ ਗੰਢਤੁੱਪ ਕਰਕੇ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਰਜ਼ੀ ਦੇ ਅਫ਼ਸਰਾਂ ਕੋਲ ਜਾਂਚ ਲਗਵਾ ਕੇ ਮੁਕੱਦਮੇ ’ਚ ਸਿੱਧੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਧਾਰਾ 302 ਦੇ ਕੇਸਾਂ ਦੀ ਤਫਤੀਸ਼ ਤਾਂ ਜਗਰਾਉਂ ਪੁਲੀਸ ਦੇ ਐਸਐੱਚਓ ਕਰ ਰਹੇ ਹਨ ਜਦ ਕਿ ਧਾਰਾ 304 ਦੇ ਇਸ ਕੇਸ ਦੀ ਤਫਤੀਸ਼ ਕਰਨ ਲਈ ਫਾਈਲ ਪੁਲੀਸ ਹੈੱਡਕੁਰਆਰਟਰ ਮੰਗਵਾਈ ਗਈ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਪੁਲੀਸ ਬਿਨਾਂ ਕਿਸੇ ਅਦਾਲਤੀ ਹੁਕਮਾਂ ਜਾਂ ਗ੍ਰਿਫ਼ਤਾਰੀ ਸਟੇਅ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਮਨੁੱਖੀ ਅਧਿਕਾਰ ਆਗੂ ਸਤਨਾਮ ਧਾਲੀਵਾਲ ਨੇ ਪੁਲੀਸ ਦੀ ਕਾਰਗੁਜ਼ਾਰੀ ਨੂੰ ਪੂਰੀ ਤਰ੍ਹਾਂ ਸ਼ੱਕੀ ਕਰਾਰ ਦਿੰਦਿਆਂ ਕਿਹਾ ਕਿ ਹੁਣ ਸੰਘਰਸ਼ ਤੋਂ ਬਿਨਾਂ ਕੋਈ ਰਸਤਾ ਨਹੀਂ ਬਚਿਆ।