ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 7 ਅਕਤੂਬਰ
ਵਿਧਾਨ ਸਭਾ ਚੋਣਾਂ ਵਿਚ ਸਿਆਸੀ ਪਾਰਟੀਆਂ ਲਈ ਚੋਣ ਵਾਅਦਿਆਂ ਦਾ ਮੁੱਦਾ ਰਹੀ ਸਮਰਾਲਾ-ਮਾਛੀਵਾੜਾ-ਰਾਹੋਂ ਰੋਡ ਦੀ ਖਸਤਾ ਹਾਲਤ ਅੱਜ ‘ਆਪ’ ਸਰਕਾਰ ਦੇ 7 ਮਹੀਨੇ ਬੀਤਣ ਦੇ ਬਾਵਜੂਦ ਵੀ ਜਿਉਂ ਦੀ ਤਿਉਂ ਬਰਕਰਾਰ ਹੈ। ਇਸ ਸੜਕ ’ਤੇ ਵਾਪਰ ਰਹੇ ਹਾਦਸੇ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ।
ਸਮਰਾਲਾ ਤੋਂ ਲੈ ਕੇ ਸਤਲੁਜ ਦਰਿਆ ਦੇ ਰਾਹੋਂ ਪੁਲ ਤੱਕ ਕਰੀਬ 20 ਕਿਲੋਮੀਟਰ ਲੰਬੀ ਸੜਕ ’ਤੇ ਐਨੇ ਖੱਡੇ ਪੈ ਗਏ ਹਨ ਕਿ ਕਈ ਥਾਵਾਂ ਤੋਂ ਸੜਕ ਦਾ ਨਾਮੋ-ਨਿਸ਼ਾਨ ਵੀ ਮਿਟ ਗਿਆ। ਹੋਰ ਤਾਂ ਹੋਰ ਪਿੰਡਾਂ ਦੇ ਲੋਕ ਅਤੇ ਕਈ ਦੁਕਾਨਦਾਰ ਇਸ ਸੜਕ ਦੇ ਡੂੰਘੇ ਖੱਡਿਆਂ ਵਿਚ ਮਿੱਟੀ ਪਾਉਂਦੇ ਹਨ ਤੇ ਉਹ ਕੁਝ ਦਿਨ ਬਾਅਦ ਆਵਾਜਾਈ ਕਾਰਨ ਖਤਮ ਹੋ ਜਾਂਦੀ ਹੈ। ਇੱਥੋਂ ਲੰਘਦੇ ਲੋਕ ਸਰਕਾਰ ਨੂੰ ਕੋਸਦੇ ਹਨ। ਪਿਛਲੀ ਕਾਂਗਰਸ ਸਰਕਾਰ ਸਮੇਂ ਵੀ ਇਹ ਸੜਕ ਮੁਕੰਮਲ ਨਾ ਹੋਣ ਕਾਰਨ ਸਰਕਾਰ ਦੀ ਬਹੁਤ ਕਿਰਕਿਰੀ ਹੋਈ ਸੀ ਅਤੇ ਹੁਣ ਲੋਕਾਂ ਨੂੰ ‘ਆਪ’ ਸਰਕਾਰ ਤੋਂ ਆਸ ਸੀ ਕਿ ਸੜਕ ਜਲਦ ਬਣ ਜਾਵੇਗੀ ਪਰ ਅਜੇ ਤੱਕ ਇਸ ਦਾ ਟੈਂਡਰ ਵੀ ਨਹੀਂ ਲੱਗਿਆ।
ਇਸ ਸੜਕ ਤੋਂ ਲੰਘਦੇ ਵਾਹਨ ਡੂੰਘੇ ਖੱਡਿਆਂ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਰੋਜ਼ਾਨਾ ਹੀ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਜਿਸ ਕਾਰਨ ਹੁਣ ਤੱਕ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਜਤਿੰਦਰ ਸਿੰਘ ਪਵਾਤ ਅਤੇ ਸਮਾਜ ਸੇਵੀ ਜੇ.ਪੀ. ਸਿੰਘ ਮੱਕੜ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਦੀ ਪ੍ਰੇਸ਼ਾਨੀ ਤੋਂ ਬੇਖ਼ਬਰ ‘ਆਪ’ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਅਤੇ ਸਾਡੇ ਹਲਕਾ ਵਿਧਾਇਕ ਨੂੰ ਇਨ੍ਹਾਂ ਖਸਤਾ ਹਾਲਤ ਸੜਕਾਂ ਦਾ ਮੁੱਦਾ ਵਿਧਾਨ ਸਭਾ ’ਚ ਚੁੱਕ ਕੇ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ ਸੀ। ਉਕਤ ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ਦੇ 7 ਮਹੀਨਿਆਂ ’ਚ ਇਸ ਸੜਕ ਦੀ ਹਾਲਤ ਹੋਰ ਵੀ ਬਦਤਰ ਹੋ ਗਈ ਹੈ ਅਤੇ ਇਸ ਰੋਡ ’ਤੇ ਵਾਪਰ ਰਹੇ ਹਾਦਸਿਆਂ ਲਈ ‘ਆਪ’ ਸਰਕਾਰ ਜ਼ਿੰਮੇਵਾਰ ਹੈ।
ਬਾਜਵਾ ਤੇ ਮੱਕੜ ਨੇ ਕਿਹਾ ਕਿ ਲੋਕਾਂ ਦੀ ਇਸ ਵੱਡੀ ਸਮੱਸਿਆ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਮਰਾਲਾ-ਮਾਛੀਵਾੜਾ-ਰਾਹੋਂ ਰੋਡ ਸੜਕ ਦਾ ਨਿਰਮਾਣ ਕਰਵਾਉਣਾ ਚਾਹੀਦਾ ਹੈ।