ਸਤਵਿੰਦਰ ਬਸਰਾ
ਲੁਧਿਆਣਾ, 17 ਅਕਤੂਬਰ
ਸਮਾਰਟ ਸ਼ਹਿਰ ਵਜੋਂ ਗਿਣੇ ਜਾਂਦੇ ਲੁਧਿਆਣਾ ਦੇ ਕਈ ਪਾਰਕਾਂ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ। ਇਨ੍ਹਾਂ ਦੀਆਂ ਟੁੱਟੀਆਂ ਚਾਰਦੀਵਾਰੀਆਂ ਅਤੇ ਨਾਲ ਪਏ ਗੰਦਗੀ ਦੇ ਢੇਰ ਪ੍ਰਸ਼ਾਸਨ ਦੀ ਸੁਵੱਲੀ ਨਜ਼ਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਪੇਸ਼ ਕਰਦੇ ਹਨ। ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਪਾਰਕਾਂ ਦੀ ਸਾਂਭ-ਸੰਭਾਲ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਆਮ ਲੋਕ ਸਵੇਰੇ ਅਤੇ ਸ਼ਾਮ ਸਮੇਂ ਇਨ੍ਹਾਂ ਨੂੰ ਸੈਰ ਆਦਿ ਕਰਨ ਲਈ ਵਰਤ ਸਕਣ।
ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜਨੀਤਿਕ ਆਗੂ ਆਏ ਦਿਨ ਸਨਅਤੀ ਸ਼ਹਿਰ ਨੂੰ ਸਮਾਰਟ ਬਣਾਉਣ ਦੇ ਵੱਡੇ ਵੱਡੇ ਬਿਆਨ ਦਿੰਦੇ ਨਹੀਂ ਥੱਕਦੇ, ਪਰ ਅਸਲੀਅਤ ਕੁਝ ਵੱਖਰੀ ਹੀ ਲੱਗ ਰਹੀ ਹੈ। ਇੱਥੋਂ ਦੇ ਜਮਾਲਪੁਰ ਚੌਕ ਨੇੜੇ ਪੈਂਦੇ ਤਿਕੋਣੇ ਪਾਰਕ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ। ਪਿਛਲੇ ਕਈ ਸਾਲਾਂ ਤੋਂ ਇਸ ਪਾਰਕ ਦੀ ਚਾਰਦੀਵਾਰੀ ਟੁੱਟੀ ਹੋਈ ਹੈ। ਇੱਥੇ ਲੱਗੇ ਟਿਊਬਵੈੱਲ ਦਾ ਪਾਣੀ ਵੀ ਲੀਕ ਕਰਦਾ ਰਹਿੰਦਾ ਹੈ। ਪਾਰਕ ਦੀ ਦੀਵਾਰ ਦੇ ਨਾਲ ਹੀ ਲੋਕਾਂ ਵੱਲੋਂ ਘਰਾਂ ਦਾ ਕੂੜਾ ਸੁੱਟਿਆ ਜਾਂਦਾ ਹੈ। ਕਈ ਵਾਰ ਤਾਂ ਇਹ ਕੂੜਾ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਸੜਕ ਤੋਂ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਪਾਰਕ ਦੇ ਅੰਦਰ ਉੱਗੀਆਂ ਵੱਡੀਆਂ ਝਾੜੀਆਂ ਵੀ ਧਿਆਨ ਮੰਗਦੀਆਂ ਹਨ। ਭਾਵੇਂ ਕਈ ਵਾਰ ਇਸ ਪਾਰਕ ਦੀ ਦੀਵਾਰ ’ਤੇ ‘ਇੱਥੇ ਕੂੜਾ ਨਾ ਸੁੱਟੋ’ ਲਿਖੇ ਫਲੈਕਸ ਵੀ ਲੱਗੇ ਦੇਖੇ ਗਏ, ਪਰ ਹਾਲਤ ਵਿੱਚ ਕੋਈ ਫਰਕ ਨਜ਼ਰ ਨਹੀਂ ਆਇਆ।
ਸਥਾਨਕ ਤਾਜਪੁਰ ਰੋਡ ’ਤੇ ਡੇਅਰੀਆਂ ਵਿੱਚ ਪੈਂਦੇ ਦੋ ਪਾਰਕਾਂ ਦੀ ਹਾਲਤ ਵੀ ਕੁਝ ਅਜਿਹੀ ਹੀ ਬਣੀ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਪਾਰਕ ’ਤੇ ਤਾਂ ਕਥਿਤ ਕਬਜ਼ਾ ਵੀ ਹੋਣਾ ਸ਼ੁਰੂ ਹੋ ਗਿਆ ਹੈ ਜਦਕਿ ਬਾਕੀ ਹਿੱਸੇ ਵਿੱਚ ਪਸ਼ੂਆਂ ਵੱਲੋਂ ਗੰਦਗੀ ਫੈਲਾਈ ਜਾ ਰਹੀ ਹੈ। ਇਸ ਤੋਂ ਥੋੜ੍ਹੀ ਦੂਰ ਇੱਕ ਹੋਰ ਪਾਰਕ ਦੀ ਭਾਵੇਂ ਚਾਰਦੀਵਾਰੀ ਕਰਵਾਈ ਹੋਈ ਹੈ, ਪਰ ਇਸ ਦੀ ਸਾਂਭ-ਸੰਭਾਲ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਗਿਆ। ਇਸ ਦੇ ਆਲੇ-ਦੁਆਲੇ ਵੀ ਅਵਾਰਾ ਪਸ਼ੂਆਂ ਵੱਲੋਂ ਗੰਦਗੀ ਫੈਲਾਈ ਜਾ ਰਹੀ ਹੈ।
ਕੈਪਸ਼ਨ: ਜਮਾਲਪੁਰ ਨੇੜੇ ਪੈਂਦੇ ਤਿਕੋਣੇ ਪਾਰਕ ਦੀ ਟੁੱਟੀ ਦੀਵਾਰ ਅਤੇ ਨੇੜੇ ਲੋਕਾਂ ਵੱਲੋਂ ਸੁੱਟਿਆ ਕੂੜਾ।
ਕੈਪਸ਼ਨ: ਜਮਾਲਪੁਰ ਨੇੜੇ ਤਿਕੋਣੇ ਪਾਰਕ ਦੀ ਟੁੱਟੀ ਹੋਈ ਚਾਰਦੀਵਾਰੀ।