ਸੰਤੋਖ ਗਿੱਲ
ਰਾਏਕੋਟ, 20 ਜੁਲਾਈ
ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿੱਚ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਕੀਤੀ ਗਈ। ਕਨਵੈੱਨਸ਼ਨ ਵਿੱਚ ਵੱਡੀ ਗਿਣਤੀ ਕਿਸਾਨ ਔਰਤਾਂ ਵੀ ਮੌਜੂਦ ਸਨ। ਕਨਵੈੱਨਸ਼ਨ ਦੀ ਸ਼ੁਰੂਆਤ ਜਥੇਬੰਦੀ ਦੇ ਬਾਨੀ ਪ੍ਰਧਾਨ ਮਰਹੂਮ ਬਲਕਾਰ ਸਿੰਘ ਡਕੌਂਦਾ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਕੀਤੀ ਗਈ।
ਇਸ ਦੌਰਾਨ ਸੂਬਾਈ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਮੋਦੀ ਹਕੂਮਤ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਮਾਮਲੇ ਵਿਚ ਐਲਾਨੀ ਕਮੇਟੀ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਵਿਵਾਦਿਤ ਖੇਤੀ ਕਾਨੂੰਨਾਂ ਦੇ ਹਮਾਇਤੀ ਨੌਕਰਸ਼ਾਹ ਅਤੇ ਫ਼ਰਜ਼ੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰ ਕੇ ਬਣਾਈ ਕਮੇਟੀ ਦੇ ਏਜੰਡੇ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦਾ ਕਾਨੂੰਨ ਬਣਾਉਣ ਦਾ ਅਧਿਕਾਰ ਹੀ ਨਹੀਂ ਹੈ।
ਕਿਸਾਨ ਆਗੂਆਂ ਨੇ ਇਸ ਨੂੰ ਦੇਸ਼ ਦੇ ਕਿਸਾਨਾਂ ਨਾਲ ਨੰਗਾ ਚਿੱਟਾ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਨਵੀਂ ਖੇਤੀ ਨੀਤੀ, ਪਾਣੀ ਅਤੇ ਵਾਤਾਵਰਨ ਬਚਾਉਣ ਲਈ ਠੋਸ ਨੀਤੀ, ਘੱਟੋ-ਘੱਟ ਸਮਰਥਨ ਮੁੱਲ ਅਨੁਸਾਰ ਫ਼ਸਲਾਂ ਦੀ ਸਰਕਾਰੀ ਖ਼ਰੀਦ ਦੀ ਗਾਰੰਟੀ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਕਰਜ਼ਾ ਮੁਕਤੀ, ਕਿਸਾਨਾਂ ਖ਼ਿਲਾਫ਼ ਕੇਸ ਰੱਦ ਕਰਨ, ਬਿਜਲੀ ਐਕਟ ਸਣੇ ਹੋਰ ਮੰਗਾਂ ਦੀ ਪ੍ਰਾਪਤੀ ਲਈ ਮੁੜ ਦਿੱਲੀ ਦੀ ਤਰਜ਼ ’ਤੇ ਕਿਸਾਨ ਅੰਦੋਲਨ ਸ਼ੁਰੂ ਕਰਨ ਦਾ ਸੱਦਾ ਦਿੱਤਾ।
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਮੋਦੀ ਸਰਕਾਰ ਦੀ ਫਾਸ਼ੀਵਾਦੀ ਅਤੇ ਸਰਕਾਰੀ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਣ ਦੀ ਨਿਖੇਧੀ ਕੀਤੀ। ਉਨ੍ਹਾਂ ਘੱਟ-ਗਿਣਤੀ ਮੁਸਲਮਾਨਾਂ ਖ਼ਿਲਾਫ਼ ਭੜਕਾਈ ਜਾ ਰਹੀ ਫ਼ਿਰਕੂ ਨਫ਼ਰਤ ਅਤੇ ਬੁਲਡੋਜ਼ਰੀ ਸਿਆਸਤ ਨੂੰ ਦੇਸ਼ ਦੇ ਕਿਰਤੀ ਵਰਗ ਲਈ ਵੱਡਾ ਖ਼ਤਰਾ ਕਰਾਰ ਦਿੱਤਾ।
ਕਿਸਾਨ ਆਗੂਆਂ ਨੇ ਮੋਦੀ ਹਕੂਮਤ ਵੱਲੋਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ, ਆਟਾ-ਦਾਲ ਅਤੇ ਹੋਰ ਸਾਮਾਨ ਉੱਪਰ ਪੰਜ ਪ੍ਰਤੀਸ਼ਤ ਜੀਐਸਟੀ ਠੋਕ ਕੇ ਗ਼ਰੀਬਾਂ ਦੀ ਰੋਟੀ ਖੋਹਣ ਦੀ ਵੀ ਨਿਖੇਧੀ ਕੀਤੀ। ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਤਾਰਾ ਸਿੰਘ ਅੱਚਰਵਾਲ, ਹਰਜਿੰਦਰ ਕੌਰ, ਸੁਖਚਰਨ ਪ੍ਰੀਤ ਸਿੰਘ ਝੋਰੜਾਂ ਨੇ ਵੀ ਸੰਬੋਧਨ ਕੀਤਾ। ਕਿਸਾਨ ਆਗੂ ਅਤੇ ਗੀਤਕਾਰ ਜਗਨ ਨਾਥ ਸੰਘਰਾਉ ਦੀ ਕਿਤਾਬ ‘ਮਘਦੇ ਬੋਲ’ ਲੋਕ ਅਰਪਣ ਕੀਤੀ ਗਈ।