ਸਤਵਿੰਦਰ ਬਸਰਾ
ਲੁਧਿਆਣਾ, 7 ਜੁਲਾਈ
ਸੂਬੇ ਵਿੱਚ ਭਾਵੇਂ ਮੌਨਸੂਨ ਸੀਜ਼ਨ ਚੱਲ ਰਿਹਾ ਹੈ ਪਰ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਵੱਖ ਵੱਖ ਥਾਵਾਂ ’ਤੇ ਪੈ ਰਹੇ ਮੀਂਹ ਨੇ ਗਰਮੀ ਵਿੱਚ ਵੀ ਚੋਖਾ ਵਾਧਾ ਕੀਤਾ ਹੈ। ਅੱਜ ਵੀਰਵਾਰ ਸਵੇਰੇ ਵੀ ਲੁਧਿਆਣਾ ਦੇ ਕਈ ਇਲਾਕੇ ਜਲਥਲ ਹੋ ਗਏ ਜਦਕਿ ਕਈਆਂ ਵਿੱਚ ਤਿੱਖੀ ਧੁੱਪ ਨੇ ਲੋਕਾਂ ਨੂੰ ਪ੍ਰੇਸ਼ਾਨ ਕਰੀ ਰੱਖਿਆ। ਪੀਏਯੂ ਮੌਸਮ ਵਿਭਾਗ ਅਨੁਸਾਰ ਅੱਜ ਜ਼ਿਲ੍ਹੇ ਵਿੱਚ 15 ਐੱਮਐੱਮ ਮੀਂਹ ਪਿਆ ਹੈ।
ਹਮੇਸ਼ਾਂ ਦੂਜੇ ਸ਼ਹਿਰਾਂ ਤੋਂ ਗਰਮ ਰਹਿਣ ਵਾਲਾ ਲੁਧਿਆਣਾ ਸ਼ਹਿਰ ਅੱਜਕੱਲ੍ਹ ਦੋਹਰੀ ਮਾਰ ਝੱਲ ਰਿਹਾ ਹੈ। ਬਰਸਾਤੀ ਮੌਸਮ ਆਉਂਦਿਆਂ ਹੀ ਲੁਧਿਆਣਵੀਆਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲਣ ਦੀ ਸੰਭਾਵਨਾ ਬਣੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਆਈ ਤਬਦੀਲੀ ਨੇ ਲੋਕਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ। ਵੀਰਵਾਰ ਵੀ ਸਵੇਰੇ ਕਰੀਬ 8 ਵਜੇ ਸ਼ਹਿਰ ਵਾਲੇ ਪਾਸੇ ਕਾਲੀਆਂ ਘਟਾਵਾਂ ਆਉਂਦਿਆਂ ਹੀ ਮੋਹਲੇਧਾਰ ਮੀਂਹ ਪਿਆ ਜਿਸ ਕਰਕੇ ਮਾਡਲ ਟਾਊਨ, ਮਾਡਲ ਗਾ੍ਰਮ, ਪੱਖੋਵਾਲ ਰੋਡ, ਹੈਬੋਵਾਲ ਆਦਿ ਇਲਾਕਿਆਂ ਵਿੱਚ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ।
ਮੀਂਹ ਇੰਨਾ ਤੇਜ਼ ਸੀ ਕਿ ਦੋਪਹੀਆ ਚਾਲਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿੱਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੀਂਹ ਕਾਰਨ ਸਕੂਲਾਂ ਅਤੇ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਜਾਣ ਵਾਲੇ ਲੋਕਾਂ ਨੂੰ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਸ਼ਹਿਰ ਦੇ ਹੀ ਕਈ ਇਲਾਕਿਆਂ ਵਿੱਚ ਪਿਛਲੇ ਕੁਝ ਦਿਨਾਂ ਦੀ ਤਰ੍ਹਾਂ ਅੱਜ ਵੀ ਸੋਕਾ ਹੀ ਰਿਹਾ। ਸਥਾਨਕ ਟਿੱਬਾ ਰੋਡ, ਤਾਜਪੁਰ ਰੋਡ, ਜਮਾਲਪੁਰ ਚੌਕ ਆਦਿ ਇਲਾਕਿਆਂ ਵਿੱਚ ਸਾਰਾ ਦਿਨ ਨਿਕਲੀ ਤਿੱਖੀ ਧੁੱਪ ਨੇ ਲੋਕਾਂ ਦੇ ਨੱਕ ਵਿੱਚ ਦਮ ਲਿਆਈ ਰੱਖਿਆ। ਜੇਕਰ ਪੀਏਯੂ ਦੇ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਅੱਜ ਲੁਧਿਆਣਾ ਵਿੱਚ 15 ਐੱਮਐੱਮ ਮੀਂਹ ਪਿਆ। ਘੱਟ ਤੋਂ ਘੱਟ ਤਾਪਮਾਨ ਜਿਹੜਾ ਕੁਝ ਦਿਨ ਪਹਿਲਾਂ ਤੱਕ 22 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਅੱਜ 29.4 ਡਿਗਰੀ ਸੈਲਸੀਅਸ ਰਿਹਾ ਜਦਕਿ ਵੱਧ ਤੋਂ ਵੱਧ ਤਾਪਮਾਨ ਪਿਛਲੇ ਦਿਨਾਂ ਦੇ ਮੁਕਾਬਲੇ ਕਰੀਬ 3 ਡਿਗਰੀ ਸੈਲਸੀਅਸ ਤੱਕ ਵਧ ਕੇ 33.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਸਵੇਰ ਸਮੇਂ ਮੌਸਮ ਵਿੱਚ ਨਮੀ 68 ਪ੍ਰਤੀਸ਼ਤ ਦਰਜ ਕੀਤੀ ਗਈ ਜਦਕਿ ਸ਼ਾਮ ਸਮੇਂ ਇਹ ਵਧ ਕੇ 70 ਪ੍ਰਤੀਸ਼ਤ ਹੋ ਗਈ।