ਰਾਮ ਗੋਪਾਲ ਰਾਏਕੋਟੀ
ਰਾਏਕੋਟ, 15 ਮਈ
ਬੱਲੋਵਾਲ-ਬਠਿੰਡਾ ਗਰੀਨ ਫੀਲਡ ਐਕਸਪ੍ਰੈੱਸ ਹਾਈਵੇਅ ਲਈ ਰਾਏਕੋਟ ਤਹਿਸੀਲ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਐਕੁਆਇਰ ਕੀਤੀਆਂ ਜਾਣ ਦੀਆਂ ਤਿਆਰੀਆਂ ਹਨ, ਜਿਸ ਦਾ ਕਿਸਾਨਾਂ ਵਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਤਹਿਸੀਲ ਰਾਏਕੋਟ ਦੇ ਪੀੜਤ ਕਿਸਾਨਾਂ ਸੁਖਬੀਰ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਗਿੱਲ ਤੇ ਪਰਮਜੀਤ ਸਿੰਘ ਗਿੱਲ ਸਣੇ ਹੋਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ 40-50 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਐਕੁਆਇਰ ਕਰਨੀ ਚਾਹੁੰਦੀ ਹੈ ਪਰ ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਜ਼ਮੀਨ ਸ਼ਹਿਰੀ ਜ਼ਮੀਨਾਂ ਦੀ ਕੀਮਤ ਮੁਤਾਬਕ ਐਕੁਆਇਰ ਕੀਤੀ ਜਾਵੇ।
ਉਨ੍ਹਾਂ ਆਖਿਆ ਕਿ ਜੇਕਰ ਸੂਬੇ ਦੀ ਪੰਜਾਬ ਸਰਕਾਰ ਨੇ ਸ਼ਹਿਰੀ ਕਿਸਾਨਾਂ ਨੂੰ ਸ਼ਹਿਰੀ ਕੀਮਤ ਮੁਤਾਬਿਕ ਜ਼ਮੀਨ ਦੀ ਕੀਮਤ ਨਾ ਦਿੱਤੀ ਤਾਂ ਰੋਡ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗ ਨਾਲ ਕਿਸਾਨ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ। ਕਿਸਾਨਾਂ ਦੀ ਮੰਗ ਹੈ ਕਿ ਜ਼ਮੀਨ ਦਾ ਸ਼ਹਿਰੀ ਰੇਟ ਦਿੱਤਾ ਜਾਵੇ ਤੇ ਸੂਬਾ ਸਰਕਾਰ ਉਨ੍ਹਾਂ ਸਮਾਂ ਜ਼ਮੀਨਾਂ ਐਕੁਆਇਰ ਨਾ ਕਰੇ ਜਿੰਨਾ ਚਿਰ ਕੇਂਦਰ ਸਰਕਾਰ 3 ਖੇਤੀ ਵਿਰੋਧੀ ਕਾਨੂੰਨ ਰੱਦ ਨਹੀਂ ਕਰਦੀ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਹ ਆਪਣੀਆਂ ਜ਼ਮੀਨਾਂ ਦੀ ਰਾਖੀ ਚੰਗੀ ਤਰ੍ਹਾਂ ਜਾਣਦੇ ਹਨ।