ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 18 ਨਵੰਬਰ
ਸ਼ੇਰ ਸ਼ਾਹ ਸੂਰੀ (ਲੁਧਿਆਣਾ-ਫਿਰੋਜਪੁਰ) ਮਾਰਗ ਨਵ-ਨਿਰਮਾਣ ਸ਼ੁਰੂ ਹੋਣ ਵਾਲੇ ਸਮੇਂ ਤੋਂ ਲੈ ਕੇ ਬਹੁਤ ਹੀ ਮਾੜੇ ਸਾਜ਼ੋ-ਸਾਮਾਨ ਦੀ ਵਰਤੋਂ ਨੂੰ ਲੈ ਕੇ ਚਰਚਾ ਵਿੱਚ ਹੈ । ਸੂਬੇ ਵਿੱਚ ਦੋ ਸਰਕਾਰਾਂ ਲੰਘਾ ਚੁੱਕੇ ਇਸ ਅਧੂਰੇ ਮਾਰਗ ’ਤੇ ਮੋਗੇ ਤੋਂ ਲੈ ਕੇ ਲੁਧਿਆਣੇ ਥਰੀਕੇ ਚੌਕ ਤੱਕ ਬਣੇ ਸਾਰੇ ਪੁਲ ਅਣਗਿਣਤ ਵਾਰ ਮੁਰੰਮਤ ਕੀਤੇ ਜਾ ਚੁੱਕੇ ਹਨ । ਪਿਛਲੇ ਦਿਨੀਂ ਇੱਥੇ ਬੱਸ ਟਰਮੀਨਲ ਮੇਨ ਚੌਕ ’ਚ ਬਣਿਆ ਪੁੱਲ ਖਿੰਡ ਜਾਣ ਕਾਰਨ ਅਜੇ ਉਸ ਦੀ ਮੁਰੰਮਤ ਵਿਚਕਾਰ ਲਟਕ ਰਹੀ ਹੈ। ਉਸ ਤੋਂ ਬਾਅਦ ਮਲਕ ਚੌਕ, ਸਿੱਧਵਾਂ ਕਲਾਂ ਕੋਲ ਬਣੇ ਪੁਲਾਂ ਦੀਆਂ ਸਲੇਟਾਂ ਅਤੇ ਉਪਰੋਂ ਪਾਣੀ ਪੈਣ ਕਾਰਨ ਟੁੱਟ ਗਏ ਹਨ। ਅੱਜ ਸਵੇਰੇ ਪਿੰਡ ਅਲੀਗੜ੍ਹ ਬਾਈਪਾਸ ’ਤੇ ਬਣਿਆ ਪੁਲ ਵੀ ਖਿੰਡ ਗਿਆ। ਨੈਸ਼ਨਲ ਹਾਈਵੇਅ ਅਥਾਰਟੀ ਦੇ ਹੁਕਮਾਂ ’ਤੇ ਹੁਣ ਪੁਲ ਦੀ ਮੁਰੰਮਤ ਸ਼ੁਰੂ ਹੋ ਗਈ ਹੈ। ਲੋਕ ਆਗੂ ਕੰਵਲਜੀਤ ਖੰਨਾ, ਕਾਮਰੇਡ ਗੁਰਦੀਪ ਮੋਤੀ, ਪ੍ਰੋ.ਕਰਮ ਸਿੰਘ ਸੰਧੂ, ਮੇਜਰ ਸਿੰਘ ਛੀਨਾ ਨੇ ਇਸ ਮਾਰਗ ਦੀ ਤਰਸਯੋਗ ਹਾਲਤ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਬੰਧਤ ਵਿਭਾਗ ਅਤੇ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਇਸ ਮਾਰਗ ’ਤੇ ਬਣਨ ਵਾਲੇ ਪੁਲਾਂ ਵਿੱਚ ਘਟੀਆ ਸਾਮਾਨ ਦੀ ਵਰਤੋਂ ਕੀਤੀ ਗਈ ਹੈ। ਠੇਕੇਦਾਰ ਪ੍ਰਣਾਲੀ ਰਾਹੀਂ ਬਣਾਏ ਗਏ ਕਰੀਬ 18 ਪੁਲ ਕਈ-ਕਈ ਵਾਰ ਮੁਰੰਮਤ ਕੀਤੇ ਜਾ ਚੁੱਕੇ ਹਨ। ਪੁਲਾਂ ਦੀ ਅਤਿ ਮਾੜੀ ਖਸਤਾ ਹਾਲਤ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ ਤੇ ਕਈ ਜਾਨਾਂ ਵੀ ਜਾ ਚੁੱਕੀਆਂ ਹਨ। ਉਨ੍ਹਾਂ ਖਾਸ-ਕਰ ਸੂਬਾ ਸਰਕਾਰ ਅਤੇ ਕੇਂਦਰ ਨੂੰ ਇਸ ਮਾਰਗ ’ਤੇ ਬਣੇ ਪੁਲਾਂ ਨੂੰ ਅਣ-ਸੁਰੱਖਿਅਤ ਐਲਾਨਣ ਦੀ ਮੰਗ ਕਰਦੇ ਹੋਏ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ ।