ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਨਵੰਬਰ
ਸਨਅਤੀ ਸ਼ਹਿਰ ਵਿੱਚ ਹੁਣ ਨਸ਼ੇ ਖਿਲਾਫ਼ ਜੰਗ ’ਚ ਜ਼ਿਲ੍ਹਾ ਅਤੇ ਪੁਲੀਸ ਪ੍ਰਸ਼ਾਸਨ ਦੀਆਂ ਟੀਮਾਂ ਮਿਲ ਕੇ ਕੰਮ ਕਰਨਗੀਆਂ। ਹੁਣ ਜ਼ਿਲ੍ਹਾ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਇੱਕ-ਇੱਕ ਨੋਡਲ ਅਫ਼ਸਰ ਤਾਇਨਾਤ ਕੀਤਾ ਜਾਵੇਗਾ ਅਤੇ ਸ਼ਹਿਰ ’ਚ ਇੱਕ ਮਹੀਨੇ ਤੱਕ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਇੰਨਾ ਹੀ ਨਹੀਂ ਪੁਲੀਸ ਨੇ ਚਿਤਾਵਨੀ ਦਿੱਤੀ ਹੈ ਕਿ ਨਸ਼ਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਵੀ ਹੁਣ ਸਖ਼ਤ ਐਕਸ਼ਨ ਲਿਆ ਜਾਵੇਗਾ।
ਇਸ ਸਬੰਧੀ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਤੇ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਦੱਸਿਆ ਕਿ ਨਵੰਬਰ ਦੇ ਮਹੀਨੇ ’ਚ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਇਸ ਦੇ ਨਾਲ-ਨਾਲ ਤਸਕਰਾਂ ’ਤੇ ਵੀ ਸਖ਼ਤੀ ਕੀਤੀ ਜਾਵੇਗੀ। ਉਧਰ, ਨਸ਼ੇ ਦੀ ਘਾਟ ਦੀ ਸੂਰਤ ਵਿੱਚ ਪ੍ਰਸ਼ਾਸਨ ਨਸ਼ਾ ਪੀੜਤਾਂ ਨੂੰ ਇਲਾਜ ’ਚ ਮਦਦ ਤੋਂ ਇਲਾਵਾ ਉਨ੍ਹਾਂ ਦੇ ਪੁਨਰਵਾਸ ਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਕੰਮ ਕਰੇਗਾ। ਇਸ ’ਚ ਨਾਟਕ, ਸਕਿੱਟ, ਸੈਮੀਨਾਰ ਆਦਿ ਦਾ ਵੀ ਸਹਾਰਾ ਲਿਆ ਜਾਵੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਹਿੰਮ ਨਵੰਬਰ ਦੇ ਪੂਰੇ ਮਹੀਨੇ ਚੱਲੇਗੀ ਤੇ ਉਮੀਦ ਹੈ ਕਿ ਇਸ ਦੇ ਵਧੀਆ ਨਤੀਜੇ ਸਾਹਮਣੇ ਆਉਣਗੇ। ਇਸ ਮੁਹਿੰਮ ’ਚ ਸਿਰਫ਼ ਹਾਰਡ ਡਰੱਗ ਚਿੱਟਾ, ਹੈਰੋਇਨ, ਗਾਂਜਾ ਆਦਿ ਤੋਂ ਇਲਾਵਾ ਸ਼ਰਾਬ, ਤੰਬਾਕੂ, ਹੁੱਕਾ ਆਦਿ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਪੁਲੀਸ ਨਸ਼ੇ ਦੀ ਸਪਲਾਈ ਚੇਨ ਨੂੰ ਤੋੜੇਗੀ। ਸਪਲਾਈ ’ਚ ਘਾਟ ਆਉਣ ’ਤੇ ਨਸ਼ਾ ਪੀੜਤਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜ਼ਰੂਰੀ ਮੈਡੀਕਲ ਇਲਾਜ ਦਿੱਤਾ ਜਾਵੇਗਾ ਅਤੇ ਜਾਗਰੂਕ ਕੀਤਾ ਜਾਵੇਗਾ।
ਸ਼ਹਿਰ ਦੇ 45 ਹੌਟ-ਸਪੌਟਸ ਦੀ ਸੂਚੀ ਬਣਾਈ
ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੇ 45 ਅਜਿਹੇ ਇਲਾਕੇ ਹਨ, ਜਿੱਥੇ ਨਸ਼ਾ ਤਸਕਰੀ ਦਾ ਕਾਰੋਬਾਰ ਚੱਲਦਾ ਹੈ। ਜ਼ਿਲ੍ਹਾ ਤੇ ਪੁਲੀਸ ਪ੍ਰਸ਼ਾਸਨ ਦਾ ਇਨ੍ਹਾਂ ’ਤੇ ਪੂਰਾ ਫੋਕਸ ਰਹੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ’ਚ ਮੁੱਖ ਰੂਪ ’ਚ ਛਾਉਣੀ ਮੁਹੱਲਾ, ਪੀਰੂਬੰਦਾ, ਜਵਾਹਰ ਨਗਰ, ਸ਼ਿਮਲਾਪੁਰੀ ਦੇ ਇਲਾਕੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੋ ਰੈਸਤਰਾਂ ਨੌਜਵਾਨਾਂ ਨੂੰ ਹੁੱਕਾ ਪਰੋਸਦੇ ਸਨ, ਉਨ੍ਹਾਂ ਖਿਲਾਫ਼ ਕਾਰਵਾਈ ਚੱਲ ਰਹੀ ਹੈ।
ਸਕੂਲਾਂ ਤੇ ਕਾਲਜਾਂ ’ਚ ਹੋਣਗੇ ਸੈਮੀਨਾਰ
ਪੁਲੀਸ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਜਾਗਰੂਕਤਾ ਲਿਆਉਣ ਲਈ ਪੁਲੀਸ ਰੋਜ਼ਾਨਾ ਫਲੈਗ ਮਾਰਚ ਕਰੇਗੀ। ਡੀਸੀ ਸੁਰਭੀ ਮਲਿਕ ਨੇ ਕਿਹਾ ਕਿ ਇਸ ਲਈ ਸਕੂਲਾਂ ਅਤੇ ਕਾਲਜਾਂ ’ਚ ਸੈਮੀਨਾਰ ਕੀਤੇ ਜਾਣਗੇ। ਇਸ ਲਈ ਸਮਾਜ ਸੇਵੀ ਜਥੇਬੰਦੀਆਂ ਤੇ ਵਪਾਰਕ ਜਥੇਬੰਦੀਆਂ ਤੋਂ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਕੋਸ਼ਿਸ਼ ਰਹੇਗੀ ਕਿ ਸਖ਼ਤੀ ਦੇ ਨਾਲ ਨਾਲ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।