ਗਗਨਦੀਪ ਅਰੋੜਾ
ਲੁਧਿਆਣਾ, 31 ਜੁਲਾਈ
ਪਿੰਡ ਰੌੜ ਦੇ ਇੱਕ ਕਿਸਾਨ ਦੇ ਘਰੋਂ ਚਾਰ ਸਾਲ ਦੇ ਬੱਚੇ ਨੂੰ ਅਗਵਾ ਕਰਕੇ ਭੱਜਿਆ ਨੋਕਰ ਅੱਜ ਕਾਬੂ ਕਰ ਲਿਆ ਗਿਆ। ਮੁਲਜ਼ਮ ਲੁਕ ਕੇ ਘਰ ਦੇ ਕੋਲ ਹੀ ਜੰਗਲਾਂ ’ਚ ਬੈਠਾ ਸੀ। ਬੱਚੇ ਦੇ ਅਗਵਾ ਹੋਣ ਦੀ ਖਬਰ ਸੋਸ਼ਲ ਮੀਡੀਆ ’ਤੇ ਫੈਲਣ ਤੋਂ ਬਾਅਦ ਹੀ ਆਲੇ-ਦੁਆਲੇ ਦੇ ਪਿੰਡਾਂ ਦੇ ਵਸਨੀਕ ਬੱਚੇ ਦੀ ਭਾਲ ਵਿੱਚ ਲੱਗੇ ਹੋਏ ਸਨ। ਮੁਲਜ਼ਮ ਦੀ ਖਬਰ ਮਿਲੀ ਤਾਂ ਤਾਂ ਪਿੰਡ ਵਾਲਿਆਂ ਨੇ ਪੂਰਾ ਇਲਾਕਾ ਘੇਰ ਲਿਆ। ਲੋਕਾਂ ਨੂੰ ਦੇਖ ਕੇ ਮੁਲਜ਼ਮ ਸਤਲੁਜ ਦਰਿਆ ’ਚ ਛਾਲ ਮਾਰ ਗਿਆ। ਪਹਿਲਾਂ ਲੋਕਾਂ ਨੇ ਬੱਚੇ ਨੂੰ ਸਹੀ ਸਲਾਮਤ ਆਪਣੇ ਕਬਜ਼ੇ ਵਿੱਚ ਲਿਆ ਤੇ ਮਗਰੋਂ ਮੁਲਜ਼ਮ ਨੂੰ ਕਾਬੂ ਕੀਤਾ। ਰੋਹ ’ਚ ਆਏ ਲੋਕਾਂ ਨੇ ਮੁਲਜ਼ਮ ਦੀ ਕੁੱਟਮਾਰ ਵੀ ਕੀਤੀ। ਇਸ ਮਗਰੋਂ ਸੂਚਨਾ ਮਿਲਣ ’ਤੇ ਸਥਾਨਕ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਆਕਾਸ਼ ਉਰਫ਼ ਵਿਜੈ ਵੱਜੋਂ ਹੋਈ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਪਿੰਡ ਰੌੜ ਵਾਸੀ ਪਰਮਜੀਤ ਸਿੰਘ ਨੇ ਘਰ ਵਿੱਚ ਰੱਖੇ ਪਸ਼ੂਆਂ ਦੀ ਦੇਖਭਾਲ ਲਈ ਵਿਜੈ ਨੂੰ ਕੁਝ ਦਿਨ ਪਹਿਲਾਂ ਹੀ ਕੰਮ ’ਤੇ ਰੱਖਿਆ ਸੀ। ਮੌਕਾ ਦੇਖ ਕੇ ਮੁਲਜ਼ਮ ਚਾਰ ਸਾਲ ਦੇ ਅਮਨਦੀਪ ਸਿੰਘ ਨੂੰ ਅਗਵਾ ਕਰ ਲੈ ਗਿਆ। ਕੁੱਟਮਾਰ ਕਾਰਨ ਜ਼ਖ਼ਮੀ ਹੋਏ ਮੁਲਜ਼ਮ ਦਾ ਹਸਪਤਾਲ ’ਚ ਇਲਾਜ ਕਰਵਾਇਆ ਜਾ ਰਿਹਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਲਿ ਮੁਲਜ਼ਮ ਪਹਿਲਾਂ ਨਵਾਂਸ਼ਹਿਰ ’ਚ ਇੱਕ ਡਾਕਟਰ ਕੋਲ ਕੰਮ ਕਰਦਾ ਸੀ। ਮੁਲਜ਼ਮ ਨੇ ਡਾਕਟਰ ਦੀ ਵੀ ਕਾਰ ਚੋਰੀ ਕੀਤੀ ਸੀ। ਪੁਲੀਸ ਅਤੇ ਇਲਾਕਾ ਵਾਸੀਆਂ ਦੀ ਸਖ਼ਤ ਮਿਹਨਤ ਦੇ ਸੱਕਦੇ ਸਮਾਂ ਰਹਿੰਦੇ ਹੀ ਬੱਚੇ ਨੂੰ ਬਚਾਅ ਲਿਆ ਗਿਆ। ਜ਼ਿਕਰਯੋਗ ਹੈ ਕਿ ਮੁਲਜ਼ਮ ਨੇ ਸਵੇਰੇ ਬੱਚੇ ਦੀ ਇੱਕ ਵੀਡੀਓ ਬਣਾ ਕੇ ਪਿਤਾ ਨੂੰ ਵਟਸਐਪ ਕੀਤੀ ਸੀ। ਪੁਲੀਸ ਨੇ ਉਸ ਦਾ ਮੋਬਾਈਲ ਟਰੇਸਿੰਗ ’ਤੇ ਲਾਇਆ ਹੋਇਆ ਸੀ, ਜਿਸ ਕਾਰਨ ਉਸ ਦੀ ਲੋਕੇਸ਼ਨ ਦਾ ਪਤਾ ਲੱਗ ਗਿਆ। ਸਥਾਨਕ ਲੋਕਾਂ ਨੂੰ ਇਸ ਬਾਰੇ ਦੱਸਿਆ ਗਿਆ, ਜਿਸ ਮਗਰੋਂ 50 ਦੇ ਕਰੀਬ ਲੋਕ ਪਿੰਡ ਚੌਂਤਾ ਪੁੱਜੇ ਤੇ ਵਿਜੈ ਨੂੰ ਬੱਚੇ ਸਣੇ ਕਾਬੂ ਕੀਤਾ।