ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਫਰਵਰੀ
ਥਾਣਾ ਸਾਹਨੇਵਾਲ ਦੀ ਪੁਲੀਸ ਨੇ ਹਲਕਾ ਦੱਖਣੀ ਤੋਂ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਬੈਂਸ ਦੇ ਚਾਰ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਹਰਮੇਸ਼ ਸਿੰਘ ਨੇ ਦੱਸਿਆ ਕਿ ਗਿਆਸਪੁਰਾ ਵਾਸੀ ਪਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਗਿਆਸਪੁਰਾ ਵਾਸੀਆਂ ਬਲਜੀਤ ਸਿੰਘ, ਅਵਤਾਰ ਸਿੰਘ ਅਤੇ ਸਰਬਜੀਤ ਸਿੰਘ ਤੋਂ ਇਲਾਵਾ ਮਹਾਂਦੇਵ ਨਗਰ ਵਾਸੀ ਮਹਿੰਗਾ ਰਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਉਹ ਆਪਣੇ ਗੁਆਂਢੀ ਸਿਰਾਜਦੀਨ ਦੇ ਘਰ ਬਾਹਰ ਉਸ ਨਾਲ ਗਲੀ ਵਿੱਚ ਬੈਠਾ ਹੋਇਆ ਸੀ ਤਾਂ ਬਲਵਿੰਦਰ ਸਿੰਘ ਬੈਂਸ ਦੇ 7-8 ਸਮਰਥਕਾਂ ਨੂੰ ਲੈ ਕੇ ਉਕਤ ਲੋਕ ਆਏ ਅਤੇ ਸਿਰਜਾਦੀਨ ਦੇ ਘਰ ਬਾਹਰ ਦੀਵਾਰ ’ਤੇ ਬੈਂਸ ਦਾ ਬੋਰਡ ਲਗਾਉਣ ਲੱਗ ਪਏ।
ਸਿਰਾਜਦੀਨ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਤੈਸ਼ ਵਿੱਚ ਆ ਕੇ ਉਸ ਦੀ ਕੁੱਟਮਾਰ ਕੀਤੀ। ਉਸ ਰੌਲਾ ਪਾਇਆ ਤਾਂ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਸਾਥੀਆਂ ਦੀ ਭਾਲ ਕੀਤੀ ਜਾਵੇਗੀ