ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਕੌਮੀ ਜਨਰਲ ਸਕੱਤਰ ਤੇ ਲੁਧਿਆਣਾ ਪੱਛਮੀ ਤੋਂ ਹਲਕਾ ਸੇਵਾਦਾਰ ਜਸਪ੍ਰੀਤ ਸਿੰਘ ਹੌਬੀ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ 10 ਸਾਲ ਦੌਰਾਨ ਕੀਤੀਆਂ ਗਲਤੀਆਂ ਤੇ ਪਰਦਾ ਪਾਉਣ ਲਈ ਘਰ ਘਰ ਜਾ ਰਹੇ ਹਨ ਤਾਂ ਜੁ ਉਹ ਮੁੜ ਲੋਕਾਂ ਦਾ ਵਿਸਵਾਸ਼ ਜਿੱਤ ਸਕਣ। ਉਹ ਇੱਥੇ ਹੋਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇ ਦਲ ਦੇ ਪ੍ਰਤੀਨਿਧਾਂ ਵੱਲੋਂ ਪਿਛਲੇ ਸਮੇਂ ਦੌਰਾਨ ਆਪਣੇ ਵਰਕਰਾਂ ਸਮੇਤ ਜਨਤਾ ਨਾਲ ਰਾਬਤਾ ਰੱਖਿਆ ਹੁੰਦਾ ਤਾਂ ਅੱਜ ਸੁਖਬੀਰ ਬਾਦਲ ਨੂੰ ਗਲੀ ਗਲੀ ਫਿਰਨ ਦੀ ਲੋੜ ਨਹੀਂ ਸੀ ਪੈਣੀ। ਉਨ੍ਹਾ ਲੁਧਿਆਣਾ ਪੱਛਮੀ ਹਲਕੇ ਤੋਂ ਐਲਾਨੇ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਬਾਰੇ ਵੀ ਟਿੱਪਣੀਆਂ ਕਰਦਿਆਂ ਕਿਹਾ ਕਿ ਉਹ ਲੋਕਾਂ ਲਈ ਕਦੀ ਵੀ ਆਪਣੇ ਘਰੋਂ ਨਹੀਂ ਨਿਕਲੇ। ਇਸ ਮੌਕੇ ਕਾਲਾ ਭਗਤ ਅਤੇ ਸੁੰਦਰ ਚੰਡਾਲੀਆ ਵੱਲੋਂ ਸ੍ਰੀ ਹੌਬੀ ਨੂੰ ਜ਼ਿਲ੍ਹਾ ਫਿਰੋਜ਼ਪੁਰ ਦਾ ਇੰਚਾਰਜ ਬਣਨ ’ਤੇ ਸਨਮਾਨਤ ਵੀ ਕੀਤਾ। ਇਸ ਮੌਕੇ ਐੱਸਡੀਐੱਫ ਦੇ ਸੀਨੀਅਰ ਆਗੂ ਜੋਬਨਜੋਤ ਸਿੰਘ ਖਹਿਰਾ ਵੀ ਮੌਜੂਦ ਸਨ।