ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੁਲਾਈ
ਕੁੰਦਨਪੁਰੀ ਇਲਾਕੇ ’ਚ ਵਪਾਰੀ ਦੇ ਘਰ ’ਚ ਖੁਦਕੁਸ਼ੀ ਕਰਨ ਵਾਲੀ ਕਾਜਲ ਦੇ ਪਰਿਵਾਰ ਵਾਲਿਆਂ ਨੇ ਚੌਥੇ ਦਿਨ ਵੀ ਉਸਦੀ ਲਾਸ਼ ਦਾ ਸਸਕਾਰ ਨਹੀਂ ਕੀਤਾ। ਹਾਲਾਂਕਿ ਚੌਥੇ ਦਿਨ ਵੀ ਪੁਲੀਸ ਪਰਿਵਾਰ ਨਾਲ ਗੱਲਬਾਤ ਕਰਕੇ ਮਨਾਉਣ ’ਚ ਲੱਗੀ ਰਹੀ। ਪਰ ਪਰਿਵਾਰ ਵਾਲੇ ਹਾਲੇ ਵੀ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਨਹੀਂ ਹੋਏ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਲੜਕੀ ਦਾ ਕਤਲ ਹੋਇਆ ਹੈ ਤੇ ਕੇਸ ਦਰਜ ਤਾਂ ਕੀਤਾ ਗਿਆ ਹੈ। ਅਜੈ ਸ਼ਰਮਾ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ। ਉਧਰ, 200 ਤੋਂ ਉਪਰ ਲੋਕਾਂ ’ਤੇ ਕੇਸ ਦਰਜ ਕਰਨ ਤੋਂ ਬਾਅਦ ਵੱਡੀ ਗਿਣਤੀ ’ਚ ਪੁਲੀਸ ਫੋਰਸ ਅੱਜ ਵਿਹੜੇ ਦੇ ਵੱਲ ਪੁੱਜ ਗਈ। ਖੁਦ ਦੀ ਗ੍ਰਿਫ਼ਤਾਰੀ ਦੇ ਡਰ ਤੋਂ ਲੋਕ ਉਥੋਂ ਤਾਲੇ ਲਾ ਕੇ ਫ਼ਰਾਰ ਹੋ ਗਏ। ਕਾਜਲ ਦੇ ਅੰਤਿਮ ਸਸਕਾਰ ਲਈ ਪੁਲੀਸ ਲਗਾਤਾਰ ਪਰਿਵਾਰ ਨਾਲ ਸੰਪਰਕ ਕਰ ਰਹੀ ਹੈ, ਪਰ ਪਰਿਵਾਰ ਵਾਲੇ ਹਰ ਵਾਰ ਕੋਈ ਨਵੀਂ ਮੰਗ ਰੱਖ ਰਹੇ ਹਨ, ਜਿਸ ਕਾਰਨ ਪੁਲੀਸ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਪਰਿਵਾਰ ਵਾਲਿਆਂ ਨੂੰ ਪੁਲੀਸ ਨੇ ਕਈ ਗੱਲਾਂ ਬਾਰੇ ਸਮਝਾਇਆ ਹੈ ਤੇ ਹਰ ਚੀਜ਼ ਬਾਰੇ ’ਚ ਖੁੱਲ੍ਹ ਕੇ ਗੱਲ ਕੀਤੀ ਹੈ, ਪਰ ਪਰਿਵਾਰ ਵਾਲੇ ਕਿਸੇ ਵੀ ਤਰ੍ਹਾਂ ਨਹੀਂ ਮੰਨ ਰਹੇ ਹਨ। ਉਧਰ, ਏਡੀਸੀਪੀ-3 ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੁਲੀਸ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਨਹੀਂ ਗਈ ਸੀ, ਬਲਕਿ ਪਿਛਲੇ ਚਾਰ ਦਿਨਾਂ ਤੋਂ ਪੁਲੀਸ ਫੋਰਸ ਇਲਾਕੇ ’ਚ ਤੈਨਾਤ ਹੈ। ਪਰਿਵਾਰ ਨਾਲ ਮੀਟਿੰਗ ਚੱਲ ਰਹੀ ਹੈ ਤੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।