ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਸਤੰਬਰ
ਇਥੇ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲੀਸ ਨੇ ਬੋਸਟਲ ਜੇਲ੍ਹ ਦੇ ਕੈਦੀ ਸੂਰਜ ਕੁਮਾਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਜਿਸ ਵੱਲੋਂ ਜੇਲ੍ਹ ਅੰਦਰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਰਾਮੇਸ਼ ਚੰਦ ਨੇ ਦੱਸਿਆ ਹੈ ਕਿ ਵੱਖ-ਵੱਖ ਕੇਸਾਂ ਵਿੱਚ ਸੂਰਜ ਕੁਮਾਰ ਜੇਲ੍ਹ ਵਿੱਚ ਬੰਦ ਹੈ। ਰਾਤ ਸਮੇਂ ਉਸਨੇ ਗੇਟ ਦੀ ਕੱਟੀ ਹੋਈ ਜਾਲੀ ਨਾਲ ਆਪਣੇ ਖੱਬੇ ਗੁੱਟ ਕੋਲੋਂ ਆਪਣਾ ਹੱਥ ਕੱਟ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਲਹੂ ਲੂਹਾਨ ਹਾਲਤ ਵਿੱਚ ਜੇਲ੍ਹ ਅਮਲੇ ਵੱਲੋਂ ਉਸਨੂੰ ਫੌਰਨ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਸੂਰਜ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।