ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਅਗਸਤ
ਲੁਧਿਆਣਾ ਵਿੱਚ ਬੁਢਾਪਾ, ਵਿਧਵਾ, ਬੇਸਹਾਰਾ ਬੱਚਿਆਂ ਅਤੇ ਵਿਸ਼ੇਸ਼ ਤੌਰ ’ਤੇ ਅਪਾਹਜਾਂ ਸਮੇਤ 2,52,459 ਲਾਭਪਾਤਰੀਆਂ ਨੂੰ 750 ਰੁਪਏ ਤੋਂ 1500 ਰੁਪਏ ਤੱਕ ਦੁੱਗਣੀ ਸਮਾਜਿਕ ਸੁਰੱਖਿਆ ਪੈਨਸ਼ਨ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਦੀ ਸ਼ੁਰੂਆਤ ਲੁਧਿਆਣਾ ਵਿੱਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕੀਤੀ।
ਡੀਸੀ ਨੇ ਦੱਸਿਆ ਕਿ ਕੁੱਲ 252459 ਯੋਗ ਲਾਭਪਾਤਰੀਆਂ ਵਿੱਚੋਂ, ਲੁਧਿਆਣਾ ਵਿੱਚ ਵਿੱਤੀ ਸਹਾਇਤਾ ਅਧੀਨ 13939 ਲਾਭਪਾਤਰੀ ਬੇਸਹਾਰਾ ਬੱਚੇ ਹਨ, 16335 ਅਪਾਹਜ ਵਿਅਕਤੀ, ਵਿਧਵਾਵਾਂ 54433 ਅਤੇ 167577 ਬੁਢਾਪਾ ਲਾਭਪਾਤਰੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅੱਜ ਆਪਣੇ ਮੈਨੀਫੈਸਟੋ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਪ੍ਰਤੀ ਮਹੀਨਾ 1500 ਰੁਪਏ ਪ੍ਰਤੀ ਲਾਭਪਾਤਰੀ ਨੂੰ ਸਮਾਜਿਕ ਸੁਰੱਖਿਆ ਪੈਨਸ਼ਨ ਮੁਹੱਈਆ ਕਰਵਾ ਕੇ ਪੂਰਾ ਕਰ ਦਿੱਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜ਼ਿਲ੍ਹੇ ਦੇ ਹਰੇਕ ਯੋਗ ਲਾਭਪਾਤਰੀ ਨੂੰ ਪੈਨਸ਼ਨ ਮਿਲੇਗੀ ਅਤੇ ਕੋਈ ਵੀ ਲਾਭਪਾਤਰੀ ਆਪਣੇ ਲਾਭ ਤੋਂ ਵਾਂਝਾ ਨਹੀਂ ਰਹੇਗਾ। ਇਹੀ ਸਮਾਗਮ ਲੁਧਿਆਣਾ ਦੇ 31 ਸਥਾਨਾਂ ’ਤੇ ਇੱਕੋ ਸਮੇਂ ਕੀਤੇ ਗਏ, ਜਿੱਥੇ ਕੁੱਲ 5742 ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਰਾਸ਼ੀ ਦਾ ਚੈਕ ਦਿੱਤੇ ਗਏ। ਬਾਕੀ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਲਾਭ ਟ੍ਰਾਂਸਫਰ ਪ੍ਰਣਾਲੀ ਰਾਹੀਂ ਰਾਸ਼ੀ ਵੰਡੀ ਜਾਵੇਗੀ। ਬੁਢਾਪਾ ਪੈਨਸ਼ਨ ਸਕੀਮ ਦੇ ਦੋ ਲਾਭਪਾਤਰੀ ਅਵਤਾਰ ਸਿੰਘ (74) ਅਤੇ ਪਰਮਜੀਤ ਕੌਰ (72) ਨੇ ਸਰਕਾਰ ਦੀ ਪੈਨਸ਼ਨ ਰਾਸ਼ੀ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਮਹਿੰਗਾਈ ਨਾਲ ਕੁਝ ਹੱਦ ਤੱਕ ਨਜਿੱਠਣ ਵਿੱਚ ਯਕੀਨੀ ਤੌਰ ’ਤੇ ਮਦਦ ਮਿਲੇਗੀ। ਇਸ ਮੌਕੇ ’ਤੇ ਪੰਜਾਬ ਮੀਡੀਅਮ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਜ਼ਿਲ੍ਹਾ ਪਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ, ਨਿਗਮ ਕੌਂਸਲਰ ਮਮਤਾ ਆਸ਼ੂ, ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਏਡੀਸੀ ਖੰਨਾ ਸਕਤਰ ਸਿੰਘ, ਸਹਾਇਕ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਹਾਜ਼ਰ ਸਨ।
ਕੈਪਟਨ ਸੰਧੂ ਨੇ 415 ਲਾਭਪਾਤਰੀਆਂ ਨੂੰ ਪੈਨਸ਼ਨ ਚੈੱਕ ਵੰਡੇ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸਕੂਲ ਭੂੰਦੜੀ ਵਿੱਚ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਪੈਨਸ਼ਨ ਦੇ ਚੈੱਕ ਵੰਡੇ ਗਏ। ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਦੱਸਿਆ ਕਿ ਕੁੱਲ 415 ਲਾਭਪਾਤਰੀਆਂ ਨੂੰ ਪੈਨਸ਼ਨ ਦੇ ਇਹ ਚੈੱਕ ਵੰਡੇ ਗਏ ਹਨ। ਇਸ ਮੌਕੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਚੇਅਰਮੈਨ ਸੁਰਿੰਦਰ ਸਿੰਘ ਸਿੱਧਵਾਂ, ਬਲਾਕ ਸਮਿਤੀ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਸਰਪੰਚ ਵਰਿੰਦਰ ਸਿੰਘ ਢਿੱਲੋਂ, ਪ੍ਰਧਾਨ ਗੋਬਿੰਦ ਸਿੰਘ ਗਰੇਵਾਲ ਆਦਿ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਅਪਾਹਜਾਂ ਸਮੇਤ ਹੋਰ ਲਾਭਪਾਤਰੀਆਂ ਨੂੰ 750 ਤੋਂ ਦੁੱਗਣੀ 1500 ਰੁਪਏ ਸਮਾਜਿਕ ਸੁਰੱਖਿਆ ਪੈਨਸ਼ਨ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।