ਸੰਤੋਖ ਗਿੱਲ/ਰਾਮ ਗੋਪਾਲ ਰਾਏਕੋਟੀ
ਗੁਰੂਸਰ ਸੁਧਾਰ/ਰਾਏਕੋਟ, 31 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ ਦੀ ਅਗਵਾਈ ਵਿਚ ਮੁੱਲਾਂਪੁਰ ਵਿਚ ਜਰਨੈਲੀ ਸੜਕ ਉੱਪਰ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ਨੂੰ ਰੋਕ ਕੇ ਉਨ੍ਹਾਂ ਉੱਪਰ ਲੱਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਰਕਾਰੀ ਇਸ਼ਤਿਹਾਰਾਂ ਉੱਪਰ ਕਾਲੇ ਰੰਗ ਨਾਲ ‘ਕਾਟੇ’ ਮਾਰ ਕੇ ਰੋਸ ਪ੍ਰਗਟਾਇਆ ਹੈ। ਕਿਸਾਨ ਆਗੂ ਮਨਜੀਤ ਸਿੰਘ ਬੁਢੇਲ, ਅਜੀਤ ਸਿੰਘ ਦਾਖਾ, ਤੀਰਥ ਸਿੰਘ ਤਲਵੰਡੀ, ਤਜਿੰਦਰ ਸਿੰਘ ਜਾਂਗਪੁਰ ਅਤੇ ਕਰਮਜੀਤ ਸਿੰਘ ਦਾਖਾ ਨੇ ਕਿਹਾ ਕਿ ਗੁਲਾਬੀ ਸੁੰਡੀ ਨੇ ਮਾਲਵੇ ਦੇ ਨਰਮਾ ਉਤਪਾਦਕ ਕਿਸਾਨਾਂ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਦੇ ਘਰ ਬਾਹਰ ਲਾਏ ਪੱਕੇ ਮੋਰਚੇ ਤੋਂ ਬਾਅਦ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਸਾਹਮਣੇ ਪੰਜ ਰੋਜ਼ਾ ਧਰਨੇ ਬਾਅਦ ਵੀ ਸਰਕਾਰ ਨੇ ਕਿਸਾਨਾਂ ਨੂੰ ਉਚਿੱਤ ਮੁਆਵਜ਼ਾ ਦੇਣ ਤੋਂ ਘੇਸਲ ਵੱਟ ਰੱਖੀ ਹੈ ਤਾਂ ਅੱਕੇ ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਉੱਪਰ ਲਾਏ ਝੂਠੇ ਇਸ਼ਤਿਹਾਰਾਂ ਉੱਪਰ ਪੋਚਾ ਫੇਰਨ ਦਾ ਫ਼ੈਸਲਾ ਕੀਤਾ ਹੈ। ਕਿਸਾਨ ਆਗੂਆਂ ਨੇ 12 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਨੂੰ ਰੱਦ ਕਰਦਿਆਂ ਕਿਸਾਨਾਂ ਨੂੰ 60 ਹਜ਼ਾਰ ਰੁਪਏ ਤੇ ਮਜ਼ਦੂਰਾਂ ਨੂੰ 30 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।