ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 7 ਨਵੰਬਰ
ਖੰਨਾ-ਨਵਾਂਸ਼ਹਿਰ ਮਾਰਗ ਵਿਚਕਾਰ ਸਤਲੁਜ ਦਰਿਆ ’ਤੇ ਬਣੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦੀ ਇੱਕ ਸਲੈਬ 29 ਅਕਤੂਬਰ ਨੂੰ ਧੱਸ ਗਈ ਸੀ ਜਿਸ ਕਾਰਨ ਭਾਰੀ ਆਵਾਜਾਈ ਠੱਪ ਹੋਣ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਸਤਲੁਜ ਦਰਿਆ ’ਤੇ ਬਣਿਆ ਪੁਲ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਜਿੱਥੇ ਸੜਕੀ ਮਾਰਗ ਰਾਹੀਂ ਜੰਮੂ-ਕਸ਼ਮੀਰ ਤੋਂ ਜ਼ਰੂਰੀ ਵਸਤਾਂ ਦੀ ਸਪਲਾਈ ਦੇਸ਼ ਦੀ ਰਾਜਧਾਨੀ ਨੂੰ ਜਾਂਦੀ ਹੈ ਉੱਥੇ ਹਿਮਾਚਲ ਤੇ ਪੰਜਾਬ ਦੇ ਕਰੈਸ਼ਰਾਂ ਤੋਂ ਰੇਤਾ, ਬਜਰੀ ਦੇ ਵਾਹਨ ਵੀ ਇਸ ਮਾਰਗ ਤੋਂ ਗੁਜ਼ਰਦੇ ਹਨ। ਪੁਲ ਦੀ ਸਲੈਬ ਧਸਣ ਕਾਰਨ ਇਸ ਉਪਰੋਂ ਫਿਲਹਾਲ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਅਤੇ ਹੁਣ ਜ਼ਰੂਰੀ ਵਸਤਾਂ ਲੈ ਕੇ ਜਾਂਦੇ ਟਰੱਕ ਤੇ ਟਿੱਪਰ 100 ਕਿਲੋਮੀਟਰ ਲੰਬਾ ਪੈਂਡਾ ਤੈਅ ਕਰ ਰੋਪੜ ਜਾਂ ਲੁਧਿਆਣਾ ਮਾਰਗ ਰਾਹੀਂ ਹੋ ਕੇ ਆਪਣੀ ਮੰਜ਼ਿਲ ਤੱਕ ਪਹੁੰਚਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਵਾਧੂ ਡੀਜ਼ਲ ਫੂਕਣਾ ਪੈ ਰਿਹਾ ਹੈ। ਇੱਥੇ ਹੀ ਬੱਸ ਨਹੀਂ ਇਹ ਪੁਲ ਨਵਾਂਸ਼ਹਿਰ ਤੋਂ ਖੰਨਾ ਦਾ ਆਪਸ ਵਿਚ ਮਿਲਾਪ ਵੀ ਕਰਵਾਉਂਦਾ ਹੈ ਅਤੇ ਕਰੀਬ 50 ਕਿਲੋਮੀਟਰ ਲੰਬੇ ਮਾਰਗ ’ਤੇ ਬਣੇ ਢਾਬੇ, ਪੈਟਰੋਲ ਪੰਪ ਤੇ ਹੋਰ ਦੁਕਾਨਦਾਰ ਆਵਾਜਾਈ ਠੱਪ ਹੋਣ ਕਾਰਨ ਮਾਯੂਸ ਦਿਖਾਈ ਦੇ ਰਹੇ ਹਨ। ਪੁਲ ਦੀ ਸਲੈਬ ਧਸਣ ਕਾਰਨ ਭਾਰੀ ਆਵਾਜਾਈ ਬੰਦ ਹੋ ਗਈ ਅਤੇ ਬੱਸਾਂ ਰਾਹੀਂ ਰੋਜ਼ਾਨਾ ਹੀ ਸੈਂਕੜੇ ਲੋਕ ਜੋ ਇਸ ਸੜਕੀ ਮਾਰਗ ਤੋਂ ਗੁਜ਼ਰਦੇ ਸਨ ਉਨ੍ਹਾਂ ਨੂੰ ਹੁਣ ਬੱਸ ਮਾਲਕ ਪੁਲ ਦੇ ਦੋਵੇਂ ਪਾਸੇ ਕਿਨਾਰਿਆਂ ’ਤੇ ਹੀ ਉਤਾਰ ਦਿੰਦੇ ਹਨ ਜਿਸ ਕਾਰਨ ਸਵਾਰੀਆਂ ਜਾਂ ਤਾਂ ਪੁਲ ਤੋਂ ਪੈਦਲ ਲੰਘਦੀਆਂ ਹਨ ਜਾਂ ਫਿਰ ਥ੍ਰੀ-ਵੀਲਰ ’ਤੇ ਬੈਠ ਕੇ ਪਾਰ ਜਾ ਕੇ ਦੁਬਾਰਾ ਹੋਰ ਬੱਸਾਂ ਵਿਚ ਬੈਠਦੀਆਂ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਮਹੱਤਵਪੂਰਨ ਮਾਰਗ ’ਤੇ ਆਵਾਜਾਈ ਠੱਪ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਪਰ ਅੱਜ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਤੇ ਸਬੰਧਿਤ ਵਿਭਾਗ ਵਲੋਂ ਛੋਟੀ ਜਿਹੀ ਸਲੈਬ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਨਹੀਂ ਕਰਵਾਇਆ ਜਾ ਸਕਿਆ ਜਿਸ ਕਾਰਨ ਲੋਕਾਂ ’ਚ ਸਰਕਾਰ ਖਿਲਾਫ਼ ਰੋਹ ਸਾਫ਼ ਦਿਖਾਈ ਦੇ ਰਿਹਾ ਹੈ। ਜਾਣਕਾਰੀ ਅਨੁਸਾਰ ਸਤਲੁਜ ਦਰਿਆ ਦਾ ਇਹ ਪੁਲ ਨਵਾਂਸ਼ਹਿਰ ਜ਼ਿਲਾ ਅਧੀਨ ਪੈਂਦਾ ਹੈ ਪਰ ਇਸ ਜ਼ਿਲੇ ਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਐਕਸੀਅਨ ਰਾਜਿੰਦਰ ਕੁਮਾਰ ਵਲੋਂ ਲੁਧਿਆਣਾ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਕਿ ਇਹ ਪੁਲ ਦਾ ਨਿਰਮਾਣ ਤੁਹਾਡੀ ਡਿਵੀਜ਼ਨ ਵਲੋਂ ਕੀਤਾ ਗਿਆ ਸੀ ਇਸ ਕਰਕੇ ਇਸ ਦੀ ਮੁਰੰਮਤ ਵੀ ਤੁਸੀਂ ਕਰੋ ਪਰ ਦੂਸਰੇ ਪਾਸੇ ਲੁਧਿਆਣਾ ਜ਼ਿਲ੍ਹੇ ਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਐਕਸੀਅਨ ਗਿੰਦਰ ਸਿੰਘ ਨੇ ਇਸ ਪੱਤਰ ਦਾ ਜਵਾਬ ਨਵਾਂਸ਼ਹਿਰ ਦੇ ਅਧਿਕਾਰੀਆਂ ਨੂੰ ਦਿੱਤਾ ਕਿ ਇਸ ਪੁਲ ਦੀ ਦੇਖਰੇਖ ਤੁਹਾਡੀ ਡਵੀਜ਼ਨ ਵਲੋਂ ਕੀਤੀ ਜਾਂਦੀ ਹੈ, ਇਸ ਲਈ ਮੁਰੰਮਤ ਵੀ ਤੁਸੀਂ ਕਰਵਾਓ।