ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 6 ਮਾਰਚ
ਇਨਸਾਨ ਦੀ ਉਮਰ ਭਾਵੇਂ ਜਿੰਨੀ ਵੀ ਮਰਜ਼ੀ ਹੋ ਜਾਵੇ ਤੇ ਉਹ ਉਮਰ ਦੇ ਕਿਸੇ ਵੀ ਪੜਾਅ ’ਤੇ ਹੋਵੇ ਜੇ ਉਸ ਨੂੰ ਜਿਊਣ ਦਾ ਢੰਗ ਆ ਜਾਵੇ ਤਾਂ ਦੋਸਤਾਂ-ਮਿੱਤਰਾਂ ਨੂੰ ਮਿਲ ਕੇ ਤੇ ਦੁੱਖ-ਸੁੱਖ ਸਾਂਝੇ ਕਰ ਕੇ ਲੰਬੀ ਉਮਰ ਵੀ ਜੀਵਿਆ ਜਾ ਸਕਦਾ ਹੈ। ਪਿੰਡ ਰੂਮੀ ’ਚ ਅੱਜ ਇਕ ਸਮਾਗਮ ’ਚ ਇਹ ਹਾਂ-ਪੱਖੀ ਤੇ ਸਮਾਜ ਨੂੰ ਪ੍ਰੇਰਨਾ ਦੇ ਨਾਲ ਸੇਧ ਦੇਣ ਵਾਲਾ ਸੁਨੇਹਾ ਉੱਭਰ ਕੇ ਆਇਆ। 60 ਵਰ੍ਹੇ ਪਹਿਲਾਂ 1962-63 ’ਚ ਗੁਰੂ ਗੋਬਿੰਦ ਸਿੰਘ ਸਕੂਲ ਕਮਾਲਪੁਰਾ ਵਿਚ ਦਸਵੀਂ ਤੱਕ ਇਕੱਠੇ ਪੜ੍ਹਦੇ ਰਹੇ ਆੜੀਆਂ ਦੀ ਮਿੱਤਰ ਮਿਲਣੀ ਹੋਈ। ਪੁਰਾਣੇ ਦੋਸਤਾਂ ਨੂੰ ਇਕੱਠੇ ਕਰਨ ਦਾ ਪ੍ਰਬੰਧ ਸੁਰਜੀਤ ਸਿੰਘ ਬਿੰਜਲ, ਅਜਮੇਲ ਸਿੰਘ ਬਿੰਜਲ, ਅਮਰਜੀਤ ਸਿੰਘ ਚੀਮਾ ਆਦਿ ਵੱਲੋਂ ਪਿੰਡ ਰੂੰਮੀ ਵਿਚ ਸੁਖਦੇਵ ਸਿੰਘ ਗਿੱਲ ਦੇ ਫਾਰਮ ਹਾਊਸ ਉੱਪਰ ਕੀਤਾ ਗਿਆ। ਲੰਬੇ ਸਮੇਂ ਬਾਅਦ ਪੰਜਾਬ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ, ਨਾਰਵੇ, ਸਵੀਡਨ ਆਦਿ ਦੇਸ਼ਾਂ ਤੋਂ ਪਿੰਡ ਰੂਮੀ ਵਿਚ ਵਿਸ਼ੇਸ਼ ਤੌਰ ’ਤੇ ਇਕੱਠੇ ਹੋਏ ਦੋਸਤ ਇਕ-ਦੂਜੇ ਨੂੰ ਮਿਲਕੇ ਭਾਵੁਕ ਹੋ ਗਏ। ਉਨ੍ਹਾਂ ਪੁਰਾਣੀਆਂ ਗੱਲਾਂ ਤਾਜ਼ੀਆਂ ਕਰ ਕੇ ਹਾਸਾ-ਠੱਠਾ ਵੀ ਕੀਤਾ।
ਮੰਚ ਸੰਚਾਲਨ ਕਰਦਿਆਂ ਸੁਖਦੇਵ ਸਿੰਘ ਗਿੱਲ ਨੇ ਜਿੱਥੇ ਪੁਰਾਣੇ ਆੜੀਆਂ ਨੂੰ ਉਨ੍ਹਾਂ ਦੇ ਨਿੱਕੇ ਤੇ ਦੋਸਤਾਂ ਵਾਲੇ ਨਾਵਾਂ ਨਾਲ ਸੰਬੋਧਨ ਕਰ ਕੇ ਬੁਲਾਇਆ। ਸਾਰੇ ਦੋਸਤਾਂ ਨੇ ਆਪੋ-ਆਪਣੀ ਜਾਣ-ਪਛਾਣ ਕਰਵਾਉਂਦਿਆਂ ਜ਼ਿੰਦਗੀ ਦੇ ਸਫ਼ਰ, ਪਰਿਵਾਰ ਅਤੇ ਰੁਝੇਵਿਆਂ ਜ਼ਿਕਰ ਕਰਦਿਆਂ ਬਚਪਨ ਦੇ ਝਰੋਖਿਆਂ ਨੂੰ ਤਾਜ਼ਾ ਕੀਤਾ। ਸਮਾਗਮ ਦੌਰਾਨ ਮਨਮੋਹਨ ਸਿੰਘ ਨੇ ਆਪਣੇ ਵੇਲੇ ਦਾ ਗਾਇਆ। ਗੁਰਦੇਵ ਸਿੰਘ ਨੇ ਕਿਸਾਨੀ ਸੰਘਰਸ਼ ਬਾਰੇ ਕਵਿਤਾ ਸੁਣਾਈ। ਪਰਮਜੀਤ ਸਿੰਘ ਚੀਮਾ ਨੇ ਗੀਤ ਸੁਣਾ ਕੇ ਹਾਜ਼ਰੀ ਲਵਾਈ। ਪਿਛਲੇ ਸਮੇਂ ਦੌਰਾਨ ਵਿੱਛੜ ਚੁੱਕੇ ਪੁਰਾਣੇ ਆੜੀਆਂ ਦੀ ਯਾਦ ’ਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਅਖੀਰ ’ਚ ਅੱਸੀਵਿਆਂ ’ਚ ਪਹੁੰਚੇ ਦੋਸਤਾਂ ਨੇ ਗੀਤਾਂ ਉੱਪਰ ਭੰਗੜਾ ਪਾ ਕੇ ਜ਼ਿੰਦਗੀ ਦਾ ਆਨੰਦ ਮਾਣਿਆ।