ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਜੂਨ
ਹਥਿਆਰਾਂ ਦਿਖਾ ਕੇ ਰਾਹਗੀਰਾਂ ਤੋਂ ਲੁੱਟਖੋਹ ਕਰਨ ਵਾਲੇ ਛੇ ਮੁਲਜ਼ਮਾਂ ਨੂੰ ਥਾਣਾ ਜਮਾਲਪੁਰ ਦੀ ਪੁਲੀਸ ਨੇ ਕਾਬੂ ਕੀਤਾ ਹੈ। ਇਸ ਦੌਰਾਨ ਦੋ ਮੁਲਜ਼ਮ ਫ਼ਰਾਰ ਹੋ ਗਏ। ਪੁਲੀਸ ਨੇ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਚੋਰੀ ਦੇ ਤਿੰਨ ਮੋਟਰਸਾਈਕਲ, ਤਿੰਨ ਐਕਟਿਵਾ, ਤੇਜ਼ਧਾਰ ਹਥਿਆਰ, ਵੱਖ-ਵੱਖ ਕੰਪਨੀਆਂ ਦੇ ਲੋਕਾਂ ਤੋਂ ਲੱਟੇ ਹੋਏ ਅੱਠ ਮੋਬਾਈਲ ਫੋਨਾਂ ਸਣੇ ਇੱਕ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਹਨ।
ਪੁਲੀਸ ਨੇ ਇਸ ਮਾਮਲੇ ’ਚ ਤਾਜਪੁਰ ਰੋਡ ਸਥਿਤ ਵਿਸ਼ਵਕਰਮਾ ਨਗਰ ਵਾਸੀ ਅੰਮ੍ਰਿਤਪਾਲ ਸਿੰਘ ਉਰਫ਼ ਆਸ਼ੂ, ਰਾਹੋਂ ਰੋਡ ਸਥਿਤ ਕੁਲਦੀਪ ਨਗਰ ਵਾਸੀ ਆਕਾਸ਼ਦੀਪ ਸਿੰਘ ਉਰਫ਼ ਅੰਕੁਸ਼, ਸਮਰਾਲਾ ਚੌਕ ਸਥਿਤ ਗੁਰੂ ਅਰਜਨ ਦੇਵ ਨਗਰ ਵਾਸੀ ਨੰਨੀ, ਵਰਧਮਾਨ ਦੇ ਪਿੱਛੇ ਸਥਿਤ ਐਲਆਈਜੀ ਫਲੈਟ ਵਾਸੀ ਦਿਲਜੋਤ, ਨੂਰਵਾਲਾ ਰੋਡ ਸਥਿਤ ਆਨੰਦਪੁਰੀ ਵਾਸੀ ਮਨਦੀਪ ਸਿੰਘ ਉਰਫ਼ ਅਨਮੋਲ ਤੇ ਨੂਰਵਾਲਾ ਰੋਡ ਸਥਿਤ ਗੁਰੂ ਗੋਬਿੰਦ ਨਗਰ ਵਾਸੀ ਅਜੈ ਮਹਿਰਾ ਉਰਫ਼ ਅੱਜੂ ਖਿਲ਼ਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਪੜਤਾਲ ਕਰ ਕੇ ਫ਼ਰਾਰ ਚੱਲ ਰਹੇ ਉਨ੍ਹਾਂ ਦੇ ਦੋ ਸਾਥੀ ਤਾਜਪੁਰ ਰੋਡ ਸਥਿਤ ਵਿਸ਼ਵਕਰਮਾ ਨਗਰ ਵਾਸੀ ਮਨੀਸ਼ ਤੇ ਟਿੱਬਾ ਰੋਡ ਸਥਿਤ ਗੋਪਾਲ ਨਗਰ ਵਾਸੀ ਸੈਮ ਉਰਫ਼ ਪਿਟਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਏਡੀਸੀਪੀ ਤੁਸ਼ਾਰ ਗੁਪਤਾ ਦੀ ਅਗਵਾਈ ਵਿੱਚ ਟੀਮ ਨੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਹਥਿਆਰਾਂ ਦਾ ਡਰ ਦੇ ਕੇ ਰਾਹਗੀਰਾਂ ਤੋਂ ਲ਼ੁੱਟਖੋਹ ਕਰਦੇ ਹਨ ਤੇ ਇਸ ਸਮੇਂ ਵੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਹਨ। ਪੁਲੀਸ ਨੇ ਸੂਚਨਾ ਮਿਲਦੇ ਹੀ ਘੇਰਾਬੰਦੀ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਦੋਂਕਿ ਦੋ ਮੁਲਜ਼ਮ ਫ਼ਰਾਰ ਹੋ ਗਏ। ਇਸ ਦੌਰਾਨ ਪੁਲੀਸ ਨੇ ਮੁਲਜ਼ਮਾਂ ਤੋਂ ਮੋਟਰਸਾਈਕਲ, ਐਕਟਿਵਾ ਸਣੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਗ੍ਰਿਫ਼ਤਾਰ ਹੋਣ ਨਾਲ ਕਈ ਵਾਰਦਾਤਾਂ ਹੱਲ ਹੋਈਆਂ ਹਨ। ਪੁਲੀਸ ਅਨੁਸਾਰ ਮੁਲਜ਼ਮ ਪਿਛਲੇ ਕਾਫ਼ੀ ਸਮੇਂ ਤੋਂ ਲੁੱਟਖੋਹ ਦੀਆਂ ਵਾਰਦਾਤਾਂ ਕਰਦੇ ਆ ਰਹੇ ਹਨ ਤੇ ਲੁੱਟ ਦਾ ਸਾਮਾਨ ਸਸਤੇ ਭਾਅ ’ਤੇ ਵੇਚ ਕੇ ਆਉਣ ਵਾਲੇ ਪੈਸੇ ਮੁਲਜ਼ਮ ਆਪਸ ’ਚ ਵੰਡ ਲੈਂਦੇ ਸਨ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਕਰੀਬ 11 ਵਾਰਦਾਤਾਂ ਕੀਤੀਆਂ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਖਿਲਾਫ਼ ਮਹਾਨਗਰ ’ਚ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਕੇਸ ਦਰਜ ਹਨ। ਪੁਲੀਸ ਕਾਫ਼ੀ ਸਮੇਂ ਤੋਂ ਮੁਲਜ਼ਮਾਂ ਦਾ ਪਤਾ ਲਾਉਣ ’ਚ ਲੱਗੀ ਹੋਈ ਸੀ। ਪੁਲੀਸ ਫ਼ਰਾਰ ਮੁਲਜ਼ਮਾਂ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ।