ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਜਨਵਰੀ
ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਦੇ ਖ਼ਿਲਾਫ਼ ਬੋਲਣ ਵਾਲੇ ਸ਼ਿਵ ਸੈਨਾ ਪੰਜਾਬ ਨੇ ਹੁਣ ‘ਮੈਂ ਹਾਂ ਮੋਦੀ ਸਮਰਥਕ’ ਮੁਹਿੰਮ ਸ਼ੁਰੂ ਕੀਤੀ ਹੈ। ਅੱਜ ਇਸੇ ਤਹਿਤ ਸ਼ਿਵ ਸੈਨਾ ਪੰਜਾਬ ਨੇ ਆਪਣੇ ਦਫ਼ਤਰ ਦੇ ਉਪਰ ਇਸ ਮੁਹਿੰਮ ਦਾ ਬੋਰਡ ਲਗਵਾਇਆ। ਸ਼ਿਵ ਸੈਨਾ ਦੇ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਕਾਰਜਕਾਲ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਹਿੱਤ ’ਚ ਲਏ ਗਏ ਫੈਸਲਿਆਂ ਦਾ ਉਨ੍ਹਾਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ, ਇਸੇ ਤਹਿਤ ਹੀ ਸ਼ਿਵ ਸੈਨਾ ਪੰਜਾਬ ਨੇ ‘ਮੈਂ ਹਾਂ ਮੋਦੀ ਸਮਰਥਕ’ ਮੁਹਿੰਮ ਸ਼ੁਰੂਆਤ ਕੀਤੀ ਹੈ। ਇਸ ਤਹਿਤ ਪ੍ਰਚਾਰ ਸਮੱਗਰੀ ਜਾਰੀ ਕੀਤੀ ਗਈ ਹੈ ਤੇ ਪੰਜਾਬ ’ਚ ਸ਼ਿਵ ਸੈਨਾ ਦੇ ਅਹੁਦੇਦਾਰ ਅਤੇ ਮੋਦੀ ਭਗਤ ਆਪਣੇ ਘਰਾਂ ’ਤੇ ਲਾਉਣਗੇ। ਸ਼ਿਵ ਸੈਨਾ ਪੰਜਾਬ ਦੇ ਕੌਮੀ ਚੇਅਰਮੈਨ ਰਾਜੀਵ ਟੰਡਨ ਨੇ ਟਕਸਾਲੀ ਆਗੂ ਸੰਦੀਪ ਥਾਪਰ ਪੰਜਾਬ ਚੇਅਰਮੈਨ ਪ੍ਰਿੰਸ ਸ਼ਰਮਾ, ਰਾਕੇਸ਼ ਕਪੂਰ ਲਾਟਾ, ਸਕੱਤਰ ਅਜੈ ਮਿਸ਼ਰਾ, ਜ਼ਿਲ੍ਹਾ ਪ੍ਰਧਾਨ ਅਜੈ ਵਾਲੀਆ, ਰੋਹਿਤ ਜੋਸ਼ੀ, ਸੂਬਾ ਜਨਰਲ ਸਕੱਤਰ ਰਿਤੇਸ਼ ਰਾਜਾ, ਭਾਨੂ ਪ੍ਰਤਾਪ, ਅਮਿਤ ਕੌਂਡਲ, ਅਸ਼ਵਨੀ ਚੋਪੜਾ, ਗੌਰਵ ਵਰਮਾ ਦੀ ਹਾਜ਼ਰੀ ’ਚ ਦਿੱਲੀ ਵਿਚ ਹੋ ਰਹੇ ਕਿਸਾਨੀਂ ਅੰਦੋਲਨ ਨੂੰ ਕਾਮਰੇਡਾਂ ਦਾ ਅੰਦੋਲਨ ਦੱਸਦਿਆਂ ਕਿਹਾ ਕਿ ਅਸਲ ’ਚ ਫਸਲ ਮਾਫ਼ੀਆ ਅਤੇ ਵਿਚੋਲੀਏ ਇਸ ਅੰਦੋਲਨ ਨੂੰ ਜਾਰੀ ਰੱਖ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ। ਸ੍ਰੀ ਟੰਡਨ ਨੇ ਕਿਹਾ ਕਿ ਸਹੀ ਮਾਇਨਿਆਂ ’ਚ ਕਿਸਾਨ ਤਾਂ ਸਮਝ ਰਹੇ ਹਨ, ਪਰ ਪਿੱਛੇ ਬੈਠੇ ਕੁਝ ਲੋਕ ਮਾਮਲੇ ਨੂੰ ਗਰਮ ਰੱਖ ਕੇ ਆਪਣੀਆਂ ਰੋਟੀਆਂ ਸੇਕ ਰਹੇ ਹਨ। ਆਉਣ ਵਾਲੇ ਦਿਨਾਂ ’ਚ ਇਸ ਮੁਹਿੰਮ ਨੂੰ ਲੈ ਕੇ ਪ੍ਰਚਾਰ ਤੇਜ਼ ਕੀਤਾ ਜਾਵੇਗਾ।