ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਫਰਵਰੀ
ਇੱਥੇ ਦੇ ਸ਼ੇਰਪੁਰ ਕਲਾਂ ਇਲਾਕੇ ’ਚ ਰਹਿਣ ਵਾਲੇ ਪਿਆਰਾ ਸਿੰਘ ਵੱਲੋਂ ਪਤਨੀ ਤੇ ਲੜਕੀ ਨੂੰ ਮੌਤ ਦੇ ਘਾਟ ਉਤਾਰਨ ਦੀ ਘਟਨਾ ਇਲਾਕੇ ’ਚ ਹਰ ਵਿਅਕਤੀ ਦੀ ਰੂਹ ਨੂੰ ਕੰਬਣੀ ਛੇੜ ਗਈ। ਇਸ ਨਾਲ ਘਰ ’ਚ ਤੇ ਇਲਾਕੇ ’ਚ ਮਾਤਮ ਛਾ ਗਿਆ, ਆਉਣ ਵਾਲੇ ਦਿਨਾਂ ’ਚ ਇਸੇ ਘਰ ’ਚ ਬਾਜੇ ਵੱਜਣੇ ਸਨ। ਪਿਆਰਾ ਸਿੰਘ ਨੇ ਹਥੌੜੇ ਨਾਲ ਜਿਸ ਲੜਕੀ ਰਾਜਦੀਪ ਕੌਰ ਨੂੰ ਕਤਲ ਕੀਤਾ ਹੈ, ਉਸ ਦਾ 21 ਫਰਵਰੀ ਨੂੰ ਵਿਆਹ ਸੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਆਰਾ ਸਿੰਘ ਫੈਕਟਰੀ ’ਚ ਕੰਮ ਕਰਦਾ ਸੀ ਤੇ ਪਰਿਵਾਰ ਦਾ ਖ਼ਰਚਾ ਮੁਸ਼ਕਿਲ ਨਾਲ ਚੱਲ ਰਿਹਾ ਸੀ। ਪਿਆਰਾ ਸਿੰਘ ਦੇ ਸਿਰਫ਼ ਇੱਕ ਲੜਕੀ ਸੀ। ਉਹ ਅਕਸਰ ਕਹਿੰਦਾ ਸੀ ਕਿ ਬੁਢੇਪਾ ਕਿਵੇਂ ਨਿਕਲੇਗਾ ਤੇ ਲੜਕੀ ਵੀ ਵਿਆਹ ਤੋਂ ਬਾਅਦ ਆਪਣੇ ਘਰ ਚਲੀ ਜਾਵੇਗੀ ਤੇ ਉਹ ਇਕੱਲਾ ਰਹਿ ਜਾਵੇਗਾ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਿਤੇ ਨਾ ਕਿਤੇ ਪਿਆਰਾ ਸਿੰਘ ਨੂੰ ਲੜਕੀ ਦੇ ਵਿਆਹ ਨੂੰ ਲੈ ਕੇ ਵੀ ਪ੍ਰੇਸ਼ਾਨੀ ਸੀ, ਪਰ ਉਹ ਕਿਸੇ ਨਾਲ ਕੁਝ ਸਾਂਝਾ ਨਹੀਂ ਸੀ ਕਰ ਰਿਹਾ। ਗੁਰਪ੍ਰੀਤ ਨੇ ਕਿਹਾ ਕਿ ਕਦੇ ਘਰ ’ਚ ਕੋਈ ਕਲੇਸ਼ ਜਾਂ ਫਿਰ ਕਿਸੇ ਗੱਲ ਨੂੰ ਬਹਿਸ ਨਹੀਂ ਹੋਈ ਕਿ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਵੇ, ਪਰ ਉਸ ਨੇ ਅਜਿਹੀ ਵਾਰਦਾਤ ਕਰ ਕੇ ਖ਼ੁਦ ਖ਼ੁਦਕੁਸ਼ੀ ਕਿਉਂ ਕੀਤੀ, ਕਿਸੇ ਰਿਸ਼ਤੇਦਾਰ ਨੂੰ ਸਮਝ ਨਹੀਂ ਆ ਰਿਹਾ। ਪੁਲੀਸ ਵੀ ਜਾਂਚ ਕਰਨ ’ਚ ਲੱਗੀ ਹੋਈ ਹੈ ਕਿ ਅਜਿਹੀ ਕੀ ਗੱਲ ਹੋਈ ਕਿ ਪਿਆਰਾ ਸਿੰਘ ਨੇ ਇੰਨਾ ਵੱਡਾ ਕਦਮ ਚੁੱਕ ਲਿਆ।