ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 28 ਅਕਤੂਬਰ
ਸਮਰਾਲਾ ਦੇ ਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ ਵੱਲੋਂ ਅੱਜ ਨੇੜਲੇ ਪਿੰਡ ਬੁਰਜ ਪਵਾਤ ਵਿੱਚ ਬਣੀ ਸਰਕਾਰੀ ਗਊਸ਼ਾਲਾ ਦਾ ਦੌਰਾ ਕੀਤਾ ਗਿਆ, ਜਿੱਥੇ ਪਸ਼ੂਆਂ ਦੀ ਦੇਖਭਾਲ ਵਿਚ ਕਈ ਕਮੀਆਂ ਪਾਈਆਂ ਜਾਣ ’ਤੇ ਉਨ੍ਹਾਂ ਸਬੰਧਤ ਅਧਿਕਾਰੀਆਂ ਦੀ ਕਲਾਸ ਲਗਾਈ ਅਤੇ ਪ੍ਰਬੰਧਕਾਂ ਨੂੰ ਇਸ ਵਿਚ ਸੁਧਾਰ ਲਿਆਉਣ ਦੇ ਨਿਰਦੇਸ਼ ਦਿੱਤੇ।
ਜ਼ਿਲ੍ਹਾ ਲੁਧਿਆਣਾ ਦੀ ਸਰਕਾਰੀ ਗਊਸ਼ਾਲਾ ਬੁਰਜ ਪਵਾਤ ਦੀ ਦੇਖਭਾਲ ਦਾ ਕੰਮ ਇੱਕ ਐੱਨਜੀਓ ਕੋਲ ਹੈ ਜਦਕਿ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਇਸ ਦੀ ਨਿਗਰਾਨੀ ਕਰਦੇ ਹਨ। ਅੱਜ ਜਦੋਂ ਐੱਸਡੀਐੱਮ ਵੱਲੋਂ ਮੌਕੇ ’ਤੇ ਪਹੁੰਚ ਕੇ ਦੇਖਿਆ ਗਿਆ ਤਾਂ ਪਾਣੀ ਦੇ ਜਿਨ੍ਹਾਂ ਕੁੰਡਾਂ ਵਿੱਚ ਪਸ਼ੂਆਂ ਨੂੰ ਪਾਣੀ ਪਿਲਾਇਆ ਜਾ ਰਿਹਾ ਸੀ ਉਹ ਬੇਹੱਦ ਗੰਦੇ ਸਨ ਅਤੇ ਉਨ੍ਹਾਂ ’ਚ ਹਰਿਆਵਲ ਜੰਮੀ ਪਈ ਸੀ। ਇਸ ਤੋਂ ਇਲਾਵਾ ਪਸ਼ੂਆਂ ਦੀਆਂ ਖੁਰਲੀਆਂ ’ਚ ਹਰਾ ਚਾਰਾ ਨਾਮਾਤਰ ਜਦਕਿ ਤੂੜੀ ਜ਼ਿਆਦਾ ਸੀ। ਇਸ ਅਣਗਹਿਲੀ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸਡੀਐੱਮ ਨੇ ਤੁਰੰਤ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਅਤੇ ਐੱਨਜੀਓ ਨੂੰ ਕਿਹਾ ਕਿ ਅੱਗੇ ਤੋਂ ਅਜਿਹੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਕਿ ਉਹ ਰੋਜ਼ਾਨਾ ਪਸ਼ੂਆਂ ਦੀ ਦੇਖਭਾਲ ਯਕੀਨੀ ਬਣਾਉਣ ਅਤੇ ਜੇਕਰ ਕੋਈ ਕੁਤਾਹੀ ਹੁੰਦੀ ਹੈ ਤਾਂ ਤੁਰੰਤ ਉਨ੍ਹਾਂ ਨੂੰ ਲਿਖਤੀ ਰੂਪ ’ਚ ਪੱਤਰ ਰਾਹੀਂ ਸੂਚਿਤ ਕੀਤਾ ਜਾਵੇ। ਇਸ ਮੌਕੇ ਗਊਸ਼ਾਲਾ ਦੀ ਗੈਰ-ਸਰਕਾਰੀ ਮੈਂਬਰ ਸ਼ਕਤੀ ਆਨੰਦ ਨੇ ਪ੍ਰਸਾਸ਼ਨ ਦੇ ਧਿਆਨ ਵਿਚ ਲਿਆਂਦਾ ਕਿ ਜੇਕਰ ਇੱਥੇ ਪਈ ਬੰਜਰ ਜ਼ਮੀਨ ਨੂੰ ਖੇਤੀਬਾੜੀ ਵਿਭਾਗ ਦੇ ਯਤਨਾਂ ਨਾਲ ਵਾਹੀਯੋਗ ਬਣਾ ਦਿੱਤਾ ਜਾਵੇ ਤਾਂ ਪਸ਼ੂਆਂ ਲਈ ਹਰਾ ਚਾਰਾ ਮੁੱਲ ਲੈਣ ਦੀ ਲੋੜ ਨਹੀਂ ਪਵੇਗੀ, ਜਿਸ ਨਾਲ ਕਾਫ਼ੀ ਖਰਚਾ ਬਚੇਗਾ। ਐੱਸਡੀਐੱਮ ਨੇ ਗਊਸ਼ਾਲਾ ਦੀ ਬੰਜਰ ਪਈ ਜ਼ਮੀਨ ਦਾ ਜਾਇਜ਼ਾ ਲਿਆ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਸ ਨੂੰ ਵਾਹੀਯੋਗ ਬਣਾਉਣ ਲਈ ਉਪਰਾਲੇ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਐੱਸਡੀਐੱਮ ਸਮਰਾਲਾ ਨੇ ਕਿਹਾ ਕਿ ਉਹ ਅਚਨਚੇਤ ਇਸ ਸਰਕਾਰੀ ਗਊਸ਼ਾਲਾ ਦੀ ਜਾਂਚ ਅੱਗੇ ਵੀ ਕਰਦੇ ਰਹਿਣਗੇ ਤਾਂ ਜੋ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸ ਮੌਕੇ ਬੀਡੀਪੀਓ ਰਾਜਵਿੰਦਰ ਕੌਰ ਤੇ ਹੋਰ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀ ਵੀ ਮੌਜੂਦ ਸਨ।