ਪੱਤਰ ਪ੍ਰੇਰਕ
ਜਗਰਾਉਂ, 6 ਮਈ
ਕਰੋਨਾ ਕਾਲ ਦੇ ਝੰਬੇ ਸਕੂਲ ਵੈਨ ਚਾਲਕ ਨੇ ਵੀ ਸੂਬਾ ਸਰਕਾਰ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਹੈ। ਵੈਨ ਚਾਲਕ ਜਥੇਬੰਦੀ (ਇਕਾਈ) ਜਗਰਾਉਂ ਦੇ ਆਗੂ ਪਰਮਿੰਦਰ ਸਿੰਘ ਪਿੰਦਾ, ਦਰਸ਼ਨ ਸਿੰਘ ਮੁਲਾਂਪੁਰ, ਵਿੱਕੀ ਤਿਹਾੜਾ ਆਦਿ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਲਿਖਿਆ ਮੰਗ ਪੱਤਰ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੂੰ ਸੌਂਪਿਆ ਹੈ। ਪਰਮਿੰਦਰ ਸਿੰਘ ਪਿੰਦਾ ਨੇ ਦੱਸਿਆ ਕਿ ਕਰੋਨਾ ਕਾਲ ਦੌਰਾਨ ਸਕੂਲ ਬੰਦ ਰਹਿਣ ਕਾਰਨ ਉਹ ਆਰਥਿਕ ਤੌਰ ’ਤੇ ਕਮਜ਼ੋਰ ਹੋ ਗਏ ਹਨ। ਟੈਕਸ, ਬੀਮੇ, ਡਰਾਈਵਰਾਂ- ਕਡੰਕਟਰਾਂ ਆਦਿ ਦੀਆਂ ਤਨਖਾਹਾਂ ਵੀ ਉਨ੍ਹਾਂ ਸਿਰ ਪੈ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਕਰੋਨਾ ਕਾਲ ਸਮੇਂ ਗੱਡੀਆਂ ਦੇ ਕਰਜ਼ੇ ਉਪਰ ਵਿਆਜ਼ ਤੋਂ ਛੋਟ ਦਿੱਤੀ ਜਾਵੇ, ਗੱਡੀਆਂ ਦੇ ਮਾਡਲ ਦੀ ਸਮਾਂ ਸੀਮਾਂ ਦੋ ਸਾਲ ਵਧਾਈ ਜਾਵੇ। ਉਨ੍ਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਅਤੇ ਉਨ੍ਹਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ। ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਵਫ਼ਦ ਨੂੰ ਭਰੋਸਾ ਦਿੱਤਾ ਅਤੇ ਮੁੱਖ ਮੰਤਰੀ ਨਾਲ ਗੱਲ ਕਰਨਗੇ।