ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 4 ਸਤੰਬਰ
ਰੇਤ ਮਾਈਨਿੰਗ ਦੇ ਧੰਦੇ ਨਾਲ ਜੁੜੇ ਲੋਕਾਂ ’ਤੇ ਸਖਤੀ ਹੋਣ ਅਤੇ ਸੂਬਾ ਸਰਕਾਰ ਵੱਲੋਂ ਬਣਾਈ ਮਾਈਨਿੰਗ ਨੀਤੀ ਦੇ ਮੁਕੰਮਲ ਤੌਰ ’ਤੇ ਲਾਗੂ ਨਾ ਹੋਣ ਕਾਰਨ ਰੇਤ ਮਾਈਨਿੰਗ ਦੀ ਕਾਲਾਬਾਜ਼ਾਰੀ ਇੱਕ ਵਾਰ ਫਿਰ ਸਿਖਰ ’ਤੇ ਹੈ। ਇਸ ਧੰਦੇ ਨਾਲ ਜੁੜੇ ਮਜ਼ਦੂਰ, ਮਿਸਤਰੀ ਆਦਿ ਇੱਕ ਵਾਰ ਫਿਰ ਮੰਦੇ ਦੀ ਮਾਰ ਹੇਠ ਆ ਗਏ ਹਨ। ਇਸ ਸਬੰਧੀ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਜਲਦੀ ਹੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਰਾਜ ਮਿਸਤਰੀ ਸੁਰਿੰਦਰ ਸਿੰਘ ਸੋਨੀ, ਗੋਪੀ, ਬੂਟਾ ਸਿੰਘ, ਕੁਲਜੀਤ ਸਿੰਘ, ਸੋਹਨ ਸਿੰਘ ਆਦਿ ਨੇ ਦੱਸਿਆ ਕਿ ਰੇਤ ਮਹਿੰਗੀ ਹੋਣ ਕਾਰਨ ਉਨ੍ਹਾਂ ਦੇ ਚੱਲਦੇ ਕੰਮ ਰੁਕ ਗਏ ਹਨ। ਮਿਸਤਰੀਆਂ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ ਰੇਤ ਦੀ ਜਿਹੜੀ ਟਰਾਲੀ 10 ਤੋਂ 11 ਹਜ਼ਾਰ ਵਿੱਚ ਪੈਂਦੀ ਸੀ ਉਹੀ ਟਰਾਲੀ ਹੁਣ 20 ਤੋਂ 22 ਹਜ਼ਾਰ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਰੇਤ ਦਾ ਭਰਿਆ ਟਿੱਪਰ 40 ਤੋਂ 45 ਹਜ਼ਾਰ ਤੱਕ ਚਲਾ ਗਿਆ ਹੈ। ਮਿਸਤਰੀਆਂ ਨੇ ਦੱਸਿਆ ਕਿ ਸਸਤੀ ਕੀਮਤ ਦੀ ਰੇਤ ਦੀ ਸਪਲਾਈ ਬਿਲਕੁਲ ਠੱਪ ਹੈ ਪਰ ਉੱਚ ਦਰਜੇ ਦੀਆਂ ਕੀਮਤਾਂ ’ਤੇ ਰੇਤ ਦੀ ਸਪਲਾਈ ਘੰਟਿਆਂ ’ਚ ਹੁੰਦੀ ਹੈ। ਉਨਾਂ ਆਖਿਆ ਕਿ ਛੋਟੇ-ਛੋਟੇ ਘਰ ਬਣਾਉਣ ਵਾਲੇ ਲੋਕਾਂ ਨੂੰ ਇਸ ਸਮੇਂ ਹੋਰ ਵਸਤਾਂ ਦੀ ਮਹਿੰਗਾਈ ਦੇ ਨਾਲ-ਨਾਲ ਰੇਤ ਦੀ ਅਸਮਾਨ ਛੂਹ ਰਹੀ ਕੀਮਤ ਵੀ ਵੱਢਣ ਲੱਗੀ ਹੈ। ਇਸ ਸਬੰਧੀ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਸਮੱਸਿਆ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ।