ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 28 ਜਨਵਰੀ
ਪੌਣੇ ਦੋ ਸੌ ਸਾਲ ਪਹਿਲਾਂ ਇਥੋਂ ਨਜ਼ਦੀਕੀ ਪਿੰਡ ਆਲੀਵਾਲ ਨੇੜੇ ਅੱਜ ਦੇ ਦਿਨ ਹੋਈ ਐਂਗਲੋ-ਸਿੱਖ ਵਾਰ ਦਾ ਦਿਹਾੜਾ ਮਨਾਇਆ ਗਿਆ। ਆਲੀਵਾਲ ਯਾਦਗਾਰ ਟਰੱਸਟ ਦੇ ਚੇਅਰਮੈਨ ਸਾਬਕਾ ਸਰਪੰਚ ਪਰਗਟ ਸਿੰਘ ਢਿੱਲੋਂ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ’ਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਬੰਧੀ 26 ਜਨਵਰੀ ਨੂੰ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਜਿਨ੍ਹਾਂ ਦੇ ਅੱਜ ਭੋਗ ਪਏ। ਇਸ ਮੌਕੇ ਬਾਬਾ ਪਰਮਜੀਤ ਸਿੰਘ ਭਰੋਵਾਲ ਨੇ ਕਥਾ ਕੀਤੀ ਅਤੇ ਸ਼੍ਰੋਮਣੀ ਕਮੇਟੀ ਦੇ ਢਾਡੀ ਜਥੇ ਜਸਵੰਤ ਸਿੰਘ ਵਲਟੋਹਾ ਨੇ ਐਂਗਲੋ-ਸਿੱਖ ਵਾਰ ਦੀਆਂ ਵਾਰਾਂ ਦਾ ਗਾਇਣ ਕੀਤਾ। ਵਿਧਾਇਕ ਇਆਲੀ ਨੇ ਸਿੱਖ ਸ਼ਹੀਦਾਂ ਦੀ ਯਾਦਗਾਰ ਉਸਾਰਨ ਦੇ ਨਿੱਜੀ ਤਜਰਬੇ, ਇਸ ’ਚ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਵਿਦਵਾਨਾਂ ਤੇ ਪਰਵਾਸੀ ਪੰਜਾਬੀਆਂ ਦੇ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ 176 ਵਰ੍ਹੇ ਪਹਿਲਾਂ ਇਥੇ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ 28 ਜਨਵਰੀ 1846 ਨੂੰ ਹੋਈ ਸੀ, ਜਿਸ ’ਚ 151 ਦੇ ਕਰੀਬ ਅੰਗਰੇਜ਼ ਫੌਜੀ ਮਾਰੇ ਗਏ ਸਨ ਅਤੇ 413 ਜ਼ਖਮੀ ਹੋਏ ਸਨ। ਇਸ ਥਾਂ ਅੰਗਰੇਜ਼ਾਂ ਦੇ ਲੈਂਫਟੀਨੈਟ ਸਵੈਟਨਸ਼ਮ, ਸਮਾਲਪੇਜ ਅਤੇ ਵਿਲੀਅਮਜ਼ ਮਾਰੇ ਗਏ ਸਨ। ਦੂਜੇ ਪਾਸੇ ਸਿੱਖ ਫੌਜਾਂ ਦਾ ਹੋਰ ਵੀ ਭਾਰੀ ਨੁਕਸਾਨ ਹੋਇਆ ਸੀ। ਇਸ ਲੜਾਈ ’ਚ ਸੈਂਕੜੇ ਸਿੱਖ ਸ਼ਹੀਦ ਹੋਏ ਸਨ। ਅੰਗਰੇਜ਼ਾਂ ਨੇ ਇਸ ਲੜਾਈ ਦੀ ਯਾਦਗਾਰ ਪਿੰਡ ਆਲੀਵਾਲ-ਗੋਰਾ ਹੂਰ ਕੋਲ 1873 ’ਚ ਉਸਾਰੀ ਤੇ ਉਸ ਤੋਂ ਬਾਅਦ ਸਿੱਖ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਜਿਥੇ ਹੁਣ ਹਰ ਸਾਲ ਇਹ ਸਮਾਗਮ ਕਰਵਾ ਕੇ ਉਨ੍ਹਾਂ ਦੀ ਕੁਰਬਾਨੀ ਤੇ ਬਹਾਦਰੀ ਨੂੰ ਪ੍ਰਣਾਮ ਕੀਤਾ ਜਾਂਦਾ ਹੈ। ਵਿਧਾਇਕ ਇਆਲੀ ਨੇ ‘ਆਲੀਵਾਲ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਦੀ ਗਾਥਾ ਤੇ ਯਾਦਗਾਰ’ ਕਿਤਾਬ ਦਾ ਨਵਾਂ ਐਡੀਸ਼ਨ ਵੀ ਜਾਰੀ ਕੀਤਾ। ਸਿੱਖ ਵਿਦਵਾਨ ਡਾ. ਦਰਸ਼ਨ ਸਿੰਘ ਯੂਕੇ ਦੀ ਰਿਸਰਚ ਨੂੰ ਆਧਾਰ ਬਣਾ ਕੇ ਗੁਰਮੇਲ ਸਿੰਘ ਭਰੋਵਾਲ ਨੇ ਇਸ ਲੜਾਈ ਸਬੰਧੀ ਅਹਿਮ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ। ਚੇਅਰਮੈਨ ਪਰਗਟ ਸਿੰਘ ਨੇ ਕਿਹਾ ਕਿ ਸਕੂਲੀ ਬੱਚਿਆਂ ਨੂੰ ਇਸ ਯਾਦਗਾਰ ਦਾ ਦੌਰਾ ਕਰਵਾਉਣ ਦੇ ਪ੍ਰਬੰਧ ਕੀਤੇ ਜਾਣਗੇ। ਇਸ ਦੌਰਾਨ ਵਿਦਿਆਰਥੀਆਂ ਨੂੰ ਇਸ ਐਂਗਲੋ-ਸਿੱਖ ਲੜਾਈ ਬਾਰੇ ਜਾਣਕਾਰੀ ਵੀ ਦਿੱਤੀ ਜਾਇਆ ਕਰੇਗੀ। ਇਸ ਮੌਕੇ ਗੁਰਮੀਤ ਸਿੰਘ ਵਲੀਪੁਰ, ਸੁਰਜੀਤ ਸਿੰਘ ਆਲੀਵਾਲ, ਪ੍ਰੀਤਮ ਸਿੰਘ, ਬਲਬੀਰ ਸਿੰਘ, ਅਵਤਾਰ ਸਿੰਘ, ਜਗਜੀਤ ਸਿੰਘ ਬਾਵਾ, ਗੁਰਦੀਪ ਸਿੰਘ ਦੀਪ ਭਰੋਵਾਲ ਮੌਜੂਦ ਸਨ।