ਪੱਤਰ ਪ੍ਰੇਰਕ
ਦੋਰਾਹਾ, 23 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਜਿੱਥੇ ਦਿੱਲੀ ਦੀਆਂ ਹੱਦਾਂ ’ਤੇ ਕਰੀਬ 2 ਮਹੀਨਿਆਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ, ਉੱਥੇ ਹੀ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਦੇ ਕਿਸਾਨ-ਮਜ਼ਦੂਰ ਤੇ ਹੋਰ ਸਹਿਯੋਗੀ ਜਥੇਬੰਦੀਆਂ ਕਿਸਾਨਾਂ ਦੇ ਇਸ ਅੰਦੋਲਨ ਦਾ ਪੂਰਾ ਸਾਥ ਦੇ ਰਹੀਆਂ ਹਨ। ਇਸ ਅੰਦੋਲਨ ਵਿਚ ਸ਼ਾਮਲ ਹੋਣ ਵਾਲੇ ਲੋਕ ਆਪਣੇ ਵਾਹਨਾਂ ’ਤੇ ਕਿਸਾਨੀ ਝੰਡੇ ਲਾ ਕੇ ਜਾਣਾ ਹੁਣ ਫਖ਼ਰ ਮਹਿਸੂਸ ਕਰਦੇ ਹਨ ਅਤੇ ਇਸੇ ਤਹਿਤ ਕਿਸਾਨੀ ਝੰਡਿਆਂ ਦੀ ਵਿਕਰੀ ਨੇ ਜ਼ੋਰ ਫੜ ਲਿਆ ਹੈ। ਇੱਕਲੇ ਲੁਧਿਆਣਾ ਤੋਂ ਦਿੱਲੀ ਵੱਲ ਜਾਂਦਿਆਂ ਦੋਰਾਹਾ ਲਾਗੇ ਕਿਸਾਨੀ ਝੰਡੇ ਵੇਚਣ ਵਾਲਿਆਂ ਦੀ ਇਕ ਲੰਬੀ ਕਤਾਰ ਲੱਗੀ ਹੋਈ ਹੈ। ਦੋਰਾਹਾ ਤੋਂ ਖੰਨਾ ਵੱਲ ਜਾਂਦਿਆਂ ਤਿੰਨ ਕਿਲੋਮੀਟਰ ਦੇ ਰਸਤੇ ਵਿਚ 20 ਤੋਂ ਵਧੇਰੇ ਕਿਸਾਨੀ ਝੰਡੇ ਵੇਚਣ ਵਾਲੇ ਜਰਨੈਲੀ ਸੜਕ ਦੇ ਕਿਨਾਰਿਆਂ ਤੇ ਖੜ੍ਹੇ ਹਨ, ਜਿੱਥੇ ਹਰ ਰੋਜ਼ ਸੈਂਕੜੇ ਝੰਡੇ ਵਿਕ ਰਹੇ ਹਨ।
ਅੱਜ ਇਸ ਸਬੰਧੀ ਜਦੋਂ ਜਾਣਕਾਰੀ ਹਾਸਲ ਕੀਤੀ ਤਾਂ ਝੰਡੇ ਵਿਕਰੇਤਾ ਗੁਰਜੰਟ ਸਿੰਘ ਕੋਟ, ਲੱਖਾ ਸਿੰਘ, ਹਰਜੀਤ ਸਿੰਘ ਤੇ ਦਰਸ਼ਨ ਸਿੰਘ ਨੇ ਦੱਸਿਆ ਕਿ ਹਰ ਰੋਜ਼ ਉਹ ਆਪਣੇ ਆਪਣੇ ਸਟਾਲਾਂ ਤੋਂ 40 ਤੋਂ 70 ਝੰਡੇ ਵੇਚ ਰਹੇ ਹਨ ਅਤੇ ਉਪਰੋਕਤ ਸਾਰੇ ਵਿਕਰੇਤਾ ਅਨੁਸਾਰ ਰੋਜ਼ਾਨਾ ਇੱਕਲੇ ਇਸ ਇਲਾਕੇ ਵਿਚ 1000-1200 ਝੰਡੇ ਵਿਕ ਰਹੇ ਹਨ, ਪ੍ਰਤੀ ਝੰਡਾ 100 ਰੁਪਏ ਹੈ ਅਤੇ ਇਕ ਝੰਡੇ ਤੋਂ 15-20 ਰੁਪਏ ਦੀ ਬੱਚਤ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੰਗਾ ਰੁਜ਼ਗਾਰ ਮਿਲਿਆ ਹੋਇਆ ਹੈ। ਗੁਰਜੰਟ ਸਿੰਘ ਦਾ ਕਹਿਣਾ ਸੀ ਕਿ ਭਾਵੇਂ ਕੋਈ ਦਿੱਲੀ ਜਾਵੇ ਜਾਂ ਨਾ ਜਾਵੇ ਪਰ ਹਰ ਕੋਈ ਆਪਣੇ ਵਾਹਨਾਂ ’ਤੇ ਕਿਸਾਨੀ ਝੰਡਾ ਲਾ ਕੇ ਫਖ਼ਰ ਮਹਿਸੂਸ ਕਰਦਾ ਹੈ।