ਸਤਵਿੰਦਰ ਬਸਰਾ
ਲੁਧਿਆਣਾ, 22 ਜਨਵਰੀ
ਪੰਜਾਬੀ ਸਾਹਿਤ ਅਕਾਡਮੀ ਦੀਆਂ 30 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਲੇਖਕਾਂ ਨੇ ਵੱਖ-ਵੱਖ ਅਹੁਦਿਆਂ ਲਈ ਆਪਣੇ ਨਾਮਜ਼ਦਗੀ ਕਾਗਜ਼ ਜਮ੍ਹਾਂ ਕਰਵਾ ਦਿੱਤੇ ਹਨ। ਅੱਜ ਜਾਰੀ ਕੀਤੀ ਪਹਿਲੀ ਸੂਚੀ ਅਨੁਸਾਰ ਪ੍ਰਧਾਨਗੀ ਦੇ ਅਹੁਦੇ ਲਈ ਚਾਰ, ਸੀਨੀਅਰ ਮੀਤ ਪ੍ਰਧਾਨ ਲਈ 5, ਜਨਰਲ ਸਕੱਤਰ ਲਈ 2, ਮੀਤ ਪ੍ਰਧਾਨ ਲਈ 10 ਅਤੇ ਮੈਂਬਰ ਪ੍ਰਬੰਧਕੀ ਬੋਰਡ ਲਈ 16 ਲੇਖਕਾਂ ਨੇ ਆਪਣੇ ਕਾਗਜ਼ ਜਮ੍ਹਾਂ ਕਰਵਾਏ ਹਨ।
ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਅਤੇ ਸਹਾਇਕ ਚੋਣ ਅਧਿਕਾਰੀ ਹਕੀਕਤ ਸਿੰਘ ਮਾਂਗਟ ਨੇ ਦੱਸਿਆ ਕਿ ਨਾਮਜ਼ਦਗੀਆਂ ਲਈ 20 ਜਨਵਰੀ ਆਖ਼ਰੀ ਤਰੀਕ ਰੱਖੀ ਗਈ ਸੀ। ਇਸ ਦੌਰਾਨ ਪ੍ਰਾਪਤ ਹੋਈਆਂ ਨਾਮਜ਼ਦਗੀਆਂ ਅਨੁਸਾਰ ਪ੍ਰਧਾਨਗੀ ਦੇ ਅਹੁਦੇ ਲਈ ਡਾ. ਲਖਵਿੰਦਰ ਸਿੰਘ ਜੌਹਲ, ਡਾ. ਗੁਰਇਕਬਾਲ ਸਿੰਘ, ਡਾ. ਸਰਬਜੀਤ ਸਿੰਘ ਅਤੇ ਡਾ. ਸੁਰਜੀਤ ਸਿੰਘ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਗੁਰਇਕਬਾਲ ਸਿੰਘ, ਡਾ. ਸੁਰਜੀਤ ਸਿੰਘ, ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਸਹਿਜਪ੍ਰੀਤ ਸਿੰਘ ਮਾਂਗਟ ਅਤੇ ਡਾ. ਗੁਰਚਰਨ ਕੌਰ ਕੋਚਰ, ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਇਕਬਾਲ ਸਿੰਘ, ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਗੁਰਮੀਤ ਕੱਲਰਮਾਜਰੀ, ਜਸਵੀਰ ਝੱਜ, ਸੁਖਦਰਸ਼ਨ ਗਰਗ, ਭਗਵੰਤ ਰਸੂਲਪੁਰੀ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਹਰਵਿੰਦਰ ਸਿੰਘ ਸਿਰਸਾ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਿਮਿਰਤ ਸੁਮੈਰਾ ਅਤੇ ਡਾ. ਭਗਵੰਤ ਸਿੰਘ ਮੈਦਾਨ ’ਚ ਹਨ।
ਚੋਣ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਉਮੀਦਵਾਰ, ਇੱਕ ਹੀ ਅਹੁਦੇ ਲਈ ਚੋਣ ਲੜ ਸਕਦਾ ਹੈ। ਉਮੀਦਵਾਰ 23 ਜਨਵਰੀ ਤੱਕ ਸ਼ਾਮ 4 ਵਜੇ ਤੱਕ ਆਪਣੇ ਨਾਂ ਵਾਪਸ ਲੈ ਸਕਦੇ ਹਨ, 24 ਜਨਵਰੀ ਤੱਕ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਇਸੇ ਦਿਨ ਬਾਕੀ ਰਹਿ ਜਾਣ ਵਾਲੇ ਉਮੀਦਵਾਰਾਂ ਦੀ ਫਾਈਨਲ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਡਾ. ਕੁਲਦੀਪ ਅਤੇ ਸ੍ਰੀ ਮਾਂਗਟ ਨੇ ਦੱਸਿਆ ਕਿ ਕੋਵਿਡ ਹਦਾਇਤਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗੀ। ਚੋਣ ਵਾਲੇ ਦਿਨ ਵੈਕਸੀਨੇਸ਼ਨ ਦਾ ਸਰਟੀਫਿਕੇਟ ਨਾਲ ਲਿਆਉਣਾ ਹੋਵੇਗਾ। ਵੋਟਾਂ 30 ਜਨਵਰੀ ਨੂੰ ਸਵੇਰੇ 8 ਵਜੇ ਸ਼ੁਰੂ ਹੋ ਕਿ ਸ਼ਾਮ 4 ਵਜੇ ਤੱਕ ਪੈਣਗੀਆਂ।