ਲੁਧਿਆਣਾ (ਗੁਰਿੰਦਰ ਸਿੰਘ): ਥਾਣਾ ਦੁੱਗਰੀ ਦੀ ਪੁਲੀਸ ਨੇ ਇੱਕ ਔਰਤ ਸਮੇਤ ਸੱਤ ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ ਜਿਨ੍ਹਾਂ ’ਤੇ ਵਪਾਰ ਦੇ ਮਾਮਲੇ ਵਿੱਚ ਇੱਕ ਬਜ਼ੁਰਗ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਐਡਵੋਕੇਟ ਵਿਪਨ ਸੱਗੜ ਵਾਸੀ ਵਿਕਾਸ ਨਗਰ ਪੱਖੋਵਾਲ ਰੋਡ ਨੇ ਦੱਸਿਆ ਕਿ ਉਸ ਦੇ ਪਿਤਾ ਰਮੇਸ਼ ਕੁਮਾਰ ਸੱਗੜ (77) ਨੂੰ ਉਨ੍ਹਾਂ ਦੇ ਮੋਬਾਈਲ ’ਤੇ ਕਿਸੇ ਵਿਅਕਤੀ ਨੇ ਉਨ੍ਹਾਂ ਦੇ ਜਵਾਈ ਦੀ ਆਵਾਜ਼ ਕੱਢਕੇ ਵਪਾਰ ਵਿੱਚ ਮਦਦ ਲਈ ਧੋਖੇ ਨਾਲ ਆਪਣੇ ਖਾਤੇ ਵਿੱਚ 26 ਲੱਖ 50 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ। ਇੰਸਪੈਕਟਰ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਬਿਛਾ ਮੰਡਲ ਵਾਸੀ ਅਸਾਮ, ਹੁਸਨਾਮ ਇਮਤਿਆਜ਼ ਅਨਸਾਰੀ ਵਾਸੀ ਮਨੀਪੁਰ, ਪੰਕਜ ਕੁਸ਼ਵਾਹਾ ਵਾਸੀ ਭੋਪਾਲ, ਡਬਲਾਊ ਵਾਸੀ ਮਨੀਪੁਰ, ਵਿਕਾਸ ਵਾਸੀ ਮਨੀਪੁਰ, ਦਸ਼ਰਥ ਮੰਡਲ ਵਾਸੀ ਮਨੀਪੁਰ ਅਤੇ ਮੀਰਾ ਦੇਵੀ ਵਾਸੀ ਉੱਤਰ ਪ੍ਰਦੇਸ਼ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਕੇ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।