ਗਗਨਦੀਪ ਅਰੋੜਾ
ਲੁਧਿਆਣਾ, 6 ਮਈ
ਸਨਅਤੀ ਸ਼ਹਿਰ ਦੇ ਸਭ ਤੋਂ ਪੁਰਾਣੇ ਕੇਸਰਗੰਜ ਮੰਡੀ ’ਚ ਅਰੋੜਾ ਟ੍ਰੇਡਿੰਗ ਕੰਪਨੀ ਦੇ ਨੌਕਰ ਅਜਾਮਿਲ ਯਾਦਵ ਤੋਂ 8 ਅਪਰੈਲ ਪਿਸਤੌਲ ਦਿਖਾ ਕੇ ਲੁੱਟੇ ਗਏ 32 ਲੱਖ ਰੁਪਏ ਦੀ ਦੇ ਮਾਮਲੇ ਨੂੰ ਲੁਧਿਆਣਾ ਪੁਲੀਸ ਨੇ ਸੁਲਝਾ ਲਿਆ ਹੈ। ਇਸ ਵਾਰਦਾਤ ਨੂੰ ਯੂਪੀ ਦੇ ਲੁਟੇਰਾ ਗਰੋਹ ਦੇ ਅੰਜਾਮ ਦਿੱਤਾ ਸੀ। ਥਾਣਾ ਕੋਤਵਾਲੀ ਪੁਲੀਸ ਨੇ ਇਸ ਮਾਮਲੇ ’ਚ ਹਾਲੇ ਤੱਕ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਦੋਂ ਕਿ ਇੱਕ ਮੁਲਜ਼ਮ ਫ਼ਰਾਰ ਹੈ। ਜਿਸ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਉਤਰ ਪ੍ਰਦੇਸ਼ ਦੇ ਆਜ਼ਮਗੜ੍ਹ ਸਥਿਤ ਮਾਲਤੀਗੰਜ ਵਾਸੀ ਸੂਰਜ ਰਾਜਭਰ, ਜ਼ਿਲ੍ਹਾ ਆਜ਼ਮਗੜ੍ਹ ਵਾਸੀ ਆਰਿਫ਼ ਅਲੀ ਉਰਫ਼ ਗਾਂਧੀ ਤੇ ਚੰਦਨ ਬਿੰਦ ਵਜੋਂ ਹੋਈ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਫ਼ਰਾਰ ਚੱਲ ਰਹੇ ਮੁਲਜ਼ਮ ਆਜ਼ਮਗੜ੍ਹ ਦੇ ਕਾਸ਼ੀਪੁਰ ਵਾਸੀ ਸ਼ੁਭਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ।
ਸੀਸੀਟੀਵੀ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਹੋਈ
ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਦੱਸਿਆ ਕਿ ਜਦੋਂ ਇਲਾਕੇ ’ਚ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਕੁਝ ਸਬੂਤ ਮਿਲੇ। ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਭੱਟੀਆਂ ਪਿੰਡ ਕੋਲ ਸਥਿਤ ਗਗਨਦੀਪ ਕਲੋਨੀ ਵਿੱਚੋਂ ਉਨ੍ਹਾਂ ਨੂੰ ਕਾਬੂ ਕੀਤਾ। ਉਥੇ ਉਨ੍ਹਾਂ ਕੋਲ ਪਨਾਹ ਦੇਣ ਵਾਲੇ ਦਿਨੇਸ਼ ਕੁਮਾਰ, ਸਾਗਰ ਯਾਦਵ ਤੇ ਸੁਭਾਸ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਤਿੰਨਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਜਿਨ੍ਹਾਂ ਤੋਂ ਪੁੱਛ-ਗਿਛ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਉਤਰ ਪ੍ਰਦੇਸ਼ ਦੇ ਹਨ ਤੇ ਵਾਰਦਾਤ ਨੂੰ ਅੰਜਾਮ ਦੇ ਉਥੋਂ ਫ਼ਰਾਰ ਹੋ ਗਏ। ਉਤਰ ਪ੍ਰਦੇਸ਼ ਦੀ ਆਜ਼ਮਗੜ੍ਹ ਪੁਲੀਸ ਨਾਲ ਸੰਪਰਕ ਕਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਲੁੱਟ ਤੋਂ ਬਾਅਦ ਸਾਰਾ ਸਾਮਾਨ ਇੱਕ ਵਿਅਕਤੀ ਕੋਲ ਰੱਖਿਆ ਹੈ। ਜਿਸਦਾ ਪਤਾ ਲੱਗ ਗਿਆ ਹੈ, ਪੁਲੀਸ ਜਲਦੀ ਉਸਨੂੰ ਵੀ ਗ੍ਰਿਫ਼ਤਾਰ ਕਰ ਉਸਦੇ ਕਬਜ਼ੇ ’ਚੋਂ ਨਗਦੀ ਤੇ ਹਥਿਆਰ ਬਰਾਮਦ ਕਰੇਗੀ।