ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 3 ਸਤੰਬਰ
ਖੇਤ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ ਅੱਜ ਇਥੇ ਵੱਖ ਵੱਖ ਥਾਈਂ ਰੋਸ ਪ੍ਰਦਰਸ਼ਨ ਹੋਏ। ਮਜ਼ਦੂਰਾਂ ਨੇ ਵਰ੍ਹਦੇ ਮੀਂਹ ’ਚ ਭੂੰਦੜੀ ਬਿਜਲੀ ਗਰਿੱਡ ਅੱਗੇ ਧਰਨਾ ਦਿੱਤਾ। ਉਥੇ ਹੀ ਜਗਰਾਉਂ ਸ਼ਹਿਰ ’ਚ ਰੋਸ ਮਾਰਚ ਕੀਤਾ ਗਿਆ ਅਤੇ ਸਿੱਧਵਾਂ ਕਲਾਂ ’ਚ ਮੁਜ਼ਾਹਰਾ ਹੋਇਆ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੀ ਅਗਵਾਈ ’ਚ ਮੀਂਹ ਦੌਰਾਨ ਭੂੰਦੜੀ ਵਿੱਚ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਡਾ. ਸੁਖਦੇਵ ਸਿੰਘ ਭੂੰਦੜੀ ਨੇ ਕਿਹਾ ਕਿ ਸਰਕਾਰ ਮੰਨੀਆਂ ਮੰਗਾਂ ਜਿਵੇਂ ਗਰੀਬ ਤਬਕੇ ਦੇ ਬਿਜਲੀ ਦੇ ਮੀਟਰ ਨਹੀਂ ਪੁੱਟਣੇ, ਦਲਿਤਾਂ ਦੇ ਬਿਜਲੀ ਬਿੱਲਾਂ ਦੇ ਸਾਰੇ ਬਕਾਏ ਰੱਦ ਕਰਨੇ, ਖੇਤ ਮਜ਼ਦੂਰਾਂ ਨੂੰ ਖੇਤੀਬਾੜੀ ਸੁਸਾਇਟੀਆਂ ਦਾ ਮੈਂਬਰ ਬਣਾਉਣਾ, ਲਾਲ ਲਕੀਰ ਅੰਦਰਲੇ ਮਕਾਨਾਂ ਦੀ ਮਾਲਕੀ ਦੇਣੀ ਆਦਿ ਤੋਂ ਭੱਜਦੀ ਦਿਖਾਈ ਦੇ ਰਹੀ ਹੈ। ਇਸੇ ਕਾਰਨ ਪੰਜਾਬ ਦੇ ਮਜ਼ਦੂਰ ਵਰਗ ’ਚ ਕੈਪਟਨ ਸਰਕਾਰ ਪ੍ਰਤੀ ਰੋਹ ਹੈ। ਉਨ੍ਹਾਂ ਕਿਹਾ ਕਿ ਮੰਨੀਆਂ ਮੰਗਾਂ ਤੋਂ ਇਲਾਵਾ ਪੇਂਡੂ ਮਜ਼ਦੂਰ ਚਿਰਾਂ ਤੋਂ ਕਰਜ਼ੇ ’ਤੇ ਲਕੀਰ ਮਾਰਨ, ਮਨਰੇਗਾ ਦਾ ਕੰਮ ਸਾਰਾ ਸਾਲ ਦੇਣ, ਮਨਰੇਗਾ ਦੀ ਦਿਹਾੜੀ 600 ਰੁਪਏ ਕਰਨ, ਕੱਟੇ ਨੀਲੇ ਕਾਰਡ ਦੁਬਾਰਾ ਬਣਾਉਣ, ਸਾਂਝੀ ਖੇਤੀ ਲਈ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਦਲਿਤ ਮਜ਼ਦੂਰਾਂ ਨੂੰ ਲੰਮੇ ਸਮੇਂ ਲਈ ਪਟੇ ’ਤੇ ਦੇਣ, ਸਾਰੇ ਗਰੀਬ ਲੋਕਾਂ ਨੂੰ ਬਿਨਾਂ ਜਾਤ ਧਰਮ ਤੋਂ ਬਿਜਲੀ, ਪਾਣੀ, ਇਲਾਜ, ਵਿੱਦਿਆ ਮੁਫ਼ਤ ਦੇਣ ਦੀ ਮੰਗ ਕਰਦੇ ਆ ਰਹੇ ਹਨ। ਪੇਂਡੂ ਮਜ਼ਦੂਰ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਵੀ ਸੰਘਰਸ਼ ਕਿਸਾਨਾਂ ਦੇ ਬਰਾਬਰ ਡਟੇ ਹੋਏ ਇਹ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਹੋਰਨਾਂ ਆਗੂਆਂਨੇ ਮੋਗਾ ਵਿਖੇ ਪੁਲੀਸ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਢਾਹੇ ਅੰਨ੍ਹੇ ਤਸ਼ੱਦਦ ਦੀ ਨਿਖੇਧੀ ਕੀਤੀ। ਧਰਨੇ ਉਪਰੰਤ ਐੱਸਡੀਓ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਥੀ ਦੀਵਾਨ ਸਿੰਘ ਕੋਟਉਮਰਾ ਨੇ ਸਾਥੀਆਂ ਨਾਲ ਸ਼ਮੂਲੀਅਤ ਕੀਤੀ। ਧਰਨੇ ’ਚ ਜਸਵੀਰ ਸਿੰਘ ਸੀਰਾ, ਮੇਜਰ ਸਿੰਘ ਫ਼ੌਜੀ, ਮੋਤੀ ਸਿੰਘ, ਅਮਰ ਸਿੰਘ, ਮਹਿੰਦਰ ਕੌਰ, ਕੌਸ਼ਲਿਆ ਦੇਵੀ, ਬਲਵੀਰ ਕੌਰ ਭੂੰਦੜੀ, ਮਹਿੰਦਰ ਸਿੰਘ ਖੁਦਾਈ ਚੱਕ, ਅਮਰੀਕ ਕੋਟਮਾਨਾ, ਗੁਰਮੇਲ ਸਿੰਘ, ਰਣਧੀਰ ਸਿੰਘ ਭਰੋਵਾਲ ਆਦਿ ਸ਼ਾਮਲ ਹੋਏ। ਜਗਰਾਉਂ ’ਚ ਮਦਨ ਸਿੰਘ ਤੇ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ’ਚ ਰੋਸ ਮਾਰਚ ਹੋਇਆ।
ਭੂੰਦੜੀ ਬਿਜਲੀ ਗਰਿੱਡ ਅੱਗੇ ਮਜ਼ਦੂਰਾਂ ਦੇ ਧਰਨੇ ਨੂੰ ਸੰਬੋਧਨ ਕਰਦਾ ਆਗੂ।