ਦੇਵਿੰਦਰ ਸਿੰਘ ਜੱਗੀ
ਪਾਇਲ, 22 ਮਈ
ਪਾਇਲ ਤੋਂ ਬੀਜਾ ਮੁੱਖ ਸੜਕ ’ਤੇ ਪੈਂਦੇ ਪਿੰਡ ਮਾਜਰੀ ਕੋਲ ਸੜਕ ਦੇ ਆਲੇ-ਦੁਆਲੇ ਖੜ੍ਹੇ ਹਰੇ-ਭਰੇ ਦਰੱਖ਼ਤ ਅੱਗ ਨਾਲ ਸੜ ਕੇ ਸੁਆਹ ਹੋ ਗਏ ਤੇ ਦੂਜੇ ਪਾਸੇ ਜੰਗਲਾਤ ਵਿਭਾਗ ਇਸ ਘਟਨਾ ਤੋਂ ਪੂਰੀ ਤਰ੍ਹਾਂ ਅਣਜਾਣ ਬਣੀ ਬੈਠਾ ਹੈ। ਜੰਗਲਾਤ ਵਿਭਾਗ ਦੇ ਦਰੱਖ਼ਤਾਂ ਨੂੰ ਸਵੇਰ ਦੀ ਅੱਗ ਲੱਗੀ ਹੋਈ ਹੈ ਪਰ ਮਹਿਕਮਾ ਸ਼ਾਮ 5 ਵਜੇ ਦੇ ਕਰੀਬ ਅੱਗ ਬੁਝਾਉਣ ਲਈ ਆਇਆ, ਜਦ ਤੱਕ ਦਰੱਖਤ ਅੱਗ ’ਚ ਝੁਲਸ ਚੁੱਕੇ ਸਨ। ਪਿੰਡ ਮਾਜਰੀ ਦੇ ਲੋਕਾਂ ਨੇ ਦੱਸਿਆ ਕਿ ਅੱਗ ਨੂੰ ਬੁਝਾਉਣ ਲਈ ਮਹਿਕਮੇ ਦਾ ਕੋਈ ਵੀ ਵਣ ਗਾਰਡ ਨਹੀਂ ਪਹੁੰਚਿਆ, ਪਿੰਡ ਦੇ ਲੋਕਾਂ ਨੇ ਅੱਗ ਨੂੰ ਬੁਝਾਉਣ ਲਈ ਬਹੁਤ ਜੱਦੋਜਹਿਦ ਕੀਤੀ। ਇਸ ਮੌਕੇ ਸੜਕ ਦੇ ਦੋਵੇਂ ਪਾਸੇ ਅੱਗ ਲੱਗੀ ਹੋਣ ਕਾਰਨ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਬਾਰੇ ਜਦੋਂ ਰੇਂਜ ਅਫਸਰ ਜਸਵੀਰ ਸਿੰਘ ਰਾਏ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੜਕ ’ਤੇ ਲੱਗੀ ਅੱਗ ਨੂੰ ਬੁਝਾਉਣ ਲਈ ਮੁਲਾਜ਼ਮ ਭੇਜੇ ਹਨ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।