ਗਗਨਦੀਪ ਅਰੋੜਾ
ਲੁਧਿਆਣਾ, 2 ਅਪਰੈਲ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਰੇਲ ਅੰਡਰ ਬਰਿੱਜ (ਆਰ.ਯੂ.ਬੀ.) ਅਤੇ ਰੇਲ ਓਵਰ ਬਰਿੱਜ (ਆਰ.ਓ.ਬੀ.) ਦੇ ਨਾਲ-ਨਾਲ ਸਮਾਰਟ ਮਲਹਾਰ ਰੋਡ ਦੇ ਚੱਲ ਰਹੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ। ਸ਼ਹਿਰ ਵਿੱਚ ਮੌਜੂਦਾ ਸਮੇਂ ਮਲਹਾਰ ਰੋਡ ਨੂੰ ਸਮਾਰਟ ਰੋਡ ਵਿੱਚ ਤਬਦੀਲ ਕਰਨ ਦੇ ਨਾਲ ਨਾਲ ਇੱਕ ਰੇਲ ਓਵਰ ਬਰਿੱਜ (ਆਰ.ਓ.ਬੀ) ਅਤੇ ਦੋ ਰੇਲ ਅੰਡਰ ਬਰਿੱਜਾਂ (ਆਰ.ਯੂ.ਬੀ.) ਦਾ ਨਿਰਮਾਣ ਕਾਰਜ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਪੱਖੋਵਾਲ ਰੋਡ ’ਤੇ ਇਨ੍ਹਾਂ ਪੁਲਾਂ ਦੀ ਉਸਾਰੀ ਸ਼ਹਿਰ ਵਾਸੀਆਂ ਦੀ ਪੁਰਾਣੀ ਮੰਗ ਰਹੀ ਹੈ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਨੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਇਹ ਦੋਵੇਂ ਪ੍ਰਾਜੈਕਟ ਉਨ੍ਹਾਂ ਦੇ ਦਿਲ ਦੇ ਕਰੀਬ ਹਨ ਅਤੇ ਨਿਰਧਾਰਤ ਸਮੇਂ ਦੇ ਅੰਦਰ ਮੁਕੰਮਲ ਹੋ ਜਾਣਗੇ, ਕਿਉਂਕਿ ਉਹ ਰੋਜ਼ਾਨਾ ਇਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ। ਸ੍ਰੀ ਆਸ਼ੂ ਨੇ ਕਿਹਾ ਕਿ ਇਨ੍ਹਾਂ ਸਾਂਝੇ ਪ੍ਰਾਜੈਕਟਾਂ ’ਤੇ ਕੁੱਲ ਅਨੁਮਾਨਤ ਲਾਗਤ ਲਗਪਗ 38.62 ਕਰੋੜ ਆਵੇਗੀ। ਮਲਹਾਰ ਰੋਡ ਨੂੰ ਸਮਾਰਟ ਰੋਡ ਵਜੋਂ ਅਪਗ੍ਰੇਡ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਆਸ਼ੂ ਨੇ ਦੱਸਿਆ ਕਿ ਇਸ ਪ੍ਰਾਜੈਕਟ ਵਿਚ ਦੋ ਪਹੀਆ ਵਾਹਨਾਂ ਅਤੇ ਚਾਰ ਪਹੀਆ ਵਾਹਨਾਂ ਲਈ ਪਾਰਕਿੰਗ ਥਾਵਾਂ, ਸਾਈਕਲ ਟਰੈਕ ਅਤੇ ਪੈਦਲ ਯਾਤਰੀਆਂ ਲਈ ਸੜਕ ਦੇ ਦੋਵਾਂ ਪਾਸਿਆਂ ਦਾ ਮਾਰਗ, ਸੜਕ ਦੇ ਪੂਰੇ ਖੇਤਰ ਦੇ ਨਾਲ-ਨਾਲ ਲੈਂਡਸਕੇਪਿੰਗ, ਲੋਕਾਂ ਲਈ ਸਮਾਰਟ ਵਿਸ਼ੇਸ਼ਤਾਵਾਂ ਅਤੇ ਸਹੂਲਤਾਂ ਦੀ ਵਿਵਸਥਾ, ਸਾਫ ਅਤੇ ਸੁਰੱਖਿਅਤ ਵਾਤਾਵਰਨ ਲਈ ਸੜਕੀ ਢਾਂਚੇ ਨੂੰ ਬਿਹਤਰ ਬਣਾਉਣ ਦੀਆਂ ਸਹੂਲਤਾਂ ਸ਼ਾਮਲ ਹੋਣਗੀਆਂ।