ਡੀਪੀਐਸ ਬੱਤਰਾ
ਸਮਰਾਲਾ, 17 ਜੂਨ
ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਦੀ ਮੁਹਿੰਮ ਤਹਿਤ ਜੰਗਲਾਤ ਵਿਭਾਗ ਨੇ ਸਮਰਾਲਾ ਰੇਂਜ ਖੇਤਰ ਵਿੱਚ 25 ਏਕੜ ਹੋਰ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਕੇ ਇਸ ਨੂੰ ਜੰਗਲਾਤ ਖੇਤਰ ਵਜੋਂ ਵਿਕਸਤ ਕਰਨ ਲਈ ਰਾਹ ਪੱਧਰਾ ਕਰਵਾ ਲਿਆ। ਲੁਧਿਆਣਾ ਮੰਡਲ ਅਧੀਨ ਹੁਣ ਤੱਕ 704 ਏਕੜ ਰਕਬੇ ਨੂੰ ਨਾਜ਼ਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਕੇ ਇਸ ਨੂੰ ਜੰਗਲ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।
ਵਣ ਮੰਡਲ ਅਫਸਰ ਲੁਧਿਆਣਾ ਚਰਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫਤਹਿ’ ਵਿਭਾਗ ਵੱਲੋਂ ਪਿੰਡ ਮੰਡ-ਝਰੌਦੀ ਨੇੜੇ 25 ਏਕੜ ਜ਼ਮੀਨ ਨੂੰ ਨਾਜਾਇਜ਼ ਕਬਜਿਆਂ ਤੋਂ ਮੁਕਤ ਕਰਵਾ ਲਿਆ ਹੈ। ਇਸ ਜ਼ਮੀਨ ’ਤੇ ਲੰਮੇ ਸਮੇਂ ਤੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਜਿਸ ਲਈ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸੁਯੋਗ ਰਹਿਨੁਮਾਈ, ਵਣ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਸ਼ਰਮਾ ਦੀ ਯੋਗ ਅਗਵਾਈ ਹੇਠ ਕੰਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ’ਤੇ ਅੱਜ ਤੋਂ ਹੀ ਪੌਦੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਵਣ ਰਕਬੇ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਾਉਣ ਲਈ ਕਾਫੀ ਯਤਨ ਕੀਤੇ ਗਏ ਅਤੇ 704 ਏਕੜ ਜ਼ਮੀਨ ਨੂੰ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ ਹੈ। ਹੁਣ ਇਸ ਰਕਬੇ ’ਤੇ ਪੌਦੇ ਲਗਾਉਣ ਲਈ ਯੋਜਨਾਬੱਧ ਤਰੀਕੇ ਨਾਲ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਛੁਡਾਏ ਗਏ ਨਾਜਾਇਜ਼ ਕਬਜ਼ਿਆਂ ਤਹਿਤ ਮੱਤੇਵਾੜਾ ਰੇਂਜ ਵਿੱਚ ਪੈਂਦੇ ਹੈਦਰ ਨਗਰ ਜੰਗਲ ਵਿੱਚ 175 ਏਕੜ, ਹਾਦੀਵਾਲ ਜੰਗਲ ਵਿੱਚ 79 ਏਕੜ, ਗੋਪਾਲਪੁਰ ਬੁਲੰਦੇਵਾਲ ਜੰਗਲ ਵਿੱਚ 19 ਏਕੜ ਅਤੇ ਸਲੇਮੁਪਰ ਜੰਗਲ ਵਿੱਚ 2 ਏਕੜ ਜ਼ਮੀਨ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਈ ਗਈ ਹੈ। ਇਸੇ ਤਰ੍ਹਾਂ ਜਗਰਾਓਂ ਰੇਂਜ ਵਿੱਚ ਪੈਂਦੇ ਕੋਟ ਉਮਰਾ ਜੰਗਲ ਵਿੱਚ 147 ਏਕੜ, ਗੋਰਸੀਆਂ ਖਾਨ ਮੁਹੰਮਦ ਜੰਗਲ ਵਿੱਚ 80 ਏਕੜ ਅਤੇ ਸਮਰਾਲਾ ਰੇਂਜ ਵਿੱਚ ਪੈਂਦੇ ਰੋੜ ਮਾਜਰੀ ਜੰਗਲ ਵਿੱਚ 70 ਏਕੜ, ਲਾਡੋਵਾਲ ਅਤੇ ਪਿੰਡ ਮੰਡ-ਉਦੋਵਾਲ ਵਿੱਚੋਂ 35 ਏਕੜ ਵਿੱਚੋਂ ਨਜਾਇਜ਼ ਕਬਜ਼ੇ ਹਟਾਏ ਗਏ ਹਨ।