ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਮਈ
ਇੱਥੇ ਠੇਕਾ ਕਾਮਿਆਂ ਅਤੇ ਬਿਜਲੀ ਕਾਮਿਆਂ ਨੇ ਸਰਕਲ ਖੰਨਾ ਦੇ ਗੇਟ ਅੱਗੇ ਕੇਂਦਰ, ਪੰਜਾਬ ਸਰਕਾਰ ਤੇ ਪਾਵਰਕੌਮ ਐਂਡ ਟਰਾਂਸਕੋ ਮੈਨੇਜਮੈਂਟ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਰੈਲੀ ਕੀਤੀ। ਇਸ ਮੌਕੇ ਸੁਖਪ੍ਰੀਤ ਸਿੰਘ ਤੇ ਇਕਬਾਲ ਸਿੰਘ ਨੇ ਉਪ ਮੁੱਖ ਇੰਜੀਨੀਅਰ ਹਲਕਾ ਖੰਨਾ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਬਿਜਲੀ ਐਕਟ 2003 ਰੱਦ ਕੀਤਾ ਜਾਵੇ, ਸੇਵਾ ਸ਼ਰਤਾਂ ਵਿੱਚ ਕੀਤੀ ਤਬਦੀਲੀ ਰੱਦ ਕੀਤੀ ਜਾਵੇ, ਸਰਕਾਰੀ ਥਰਮਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ, ਬਠਿੰਡਾ ਥਰਮਲ ਨੂੰ ਸਰਕਾਰੀ ਤੌਰ ’ਤੇ ਮੁੜ ਚਾਲੂ ਕੀਤਾ ਜਾਵੇ, ਨਿੱਜੀਕਰਨ ਦੀ ਨੀਤੀ ਤਹਿਤ ਸਮਾਰਟ ਮੀਟਰ ਲਾਉਣ ਦਾ ਫ਼ੈਸਲਾ ਰੱਦ ਕੀਤਾ ਜਾਵੇ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਮੁੜ ਚਾਲੂ ਕੀਤੀ ਜਾਵੇ, ਖਾਲੀ ਅਸਾਮੀਆਂ ਪੱਕੇ ਤੌਰ ’ਤੇ ਭਰੀਆਂ ਜਾਣ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਪੁਰਾਣੀਆਂ ਗੱਡੀਆਂ ਮੁੜ ਬਹਾਲ ਹੋਣ, ਛਾਂਟੀ ਕੀਤੇ ਖੰਨਾ ਸਰਕਲ ਦੇ ਠੇਕਾ ਕਾਮੇ ਬਿਨ੍ਹਾਂ ਸ਼ਰਤ ਬਹਾਲ ਕੀਤੇ ਜਾਣ, ਸੇਫ਼ਟੀ ਕਿੱਟਾਂ ਦਾ ਪ੍ਰਬੰਧ ਕੀਤਾ ਜਾਵੇ, ਪੈਨਸ਼ਨਰਾਂ ਨੂੰ ਬਿਜਲੀ ਯੂਨਿਟਾਂ ਵਿੱਚ ਛੋਟ ਦਿੱਤੀ ਜਾਵੇ ਅਤੇ ਪਟਿਆਲਾ ਸਰਕਲ ਦੇ ਟਰਮੀਨੇਟ ਕੀਤੇ ਆਗੂ ਬਹਾਲ ਕੀਤੇ ਜਾਣ ਆਦਿ। ਆਗੂਆਂ ਨੇ ਸਰਕਾਰ ਦੇ ਇਸ਼ਾਰੇ ’ਤੇ ਅਧਿਆਪਕਾਂ ਤੇ ਹੋਰ ਮਿਹਨਤੀ ਲੋਕਾਂ ਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ।
ਇਸ ਮੌਕੇ ਲਖਵੀਰ ਸਿੰਘ, ਭਗਤ ਬਹਾਦਰ, ਕਰਤਾਰ ਚੰਦ, ਕੁਲਵਿੰਦਰ ਸਿੰਘ, ਮਨੀ ਰਾਮ, ਜਗਦੇਵ ਸਿੰਘ, ਹਰਪਾਲ ਸਿੰਘ, ਮਨਪ੍ਰੀਤ ਸਿੰਘ, ਜਾਮੀਲ ਮੁਹੰਮਦ ਤੇ ਬਲਜੀਤ ਤੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ।