ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 23 ਅਪਰੈਲ
ਰਾਤ ਚੱਲੀ ਤੇਜ਼ ਹਨ੍ਹੇਰੀ ਤੋਂ ਬਾਅਦ ਵਰ੍ਹੇ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਹਾੜ੍ਹੀ ਦੇ ਸੀਜ਼ਨ ਦੌਰਾਨ ਇਹ ਤੀਜਾ ਮੀਂਹ ਸੀ। ਇਸ ਨਾਲ ਆਖ਼ਰੀ ਪੜਾਅ ’ਤੇ ਚੱਲ ਰਿਹਾ ਵਾਢੀ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। ਮੀਂਹ ਕਰ ਕੇ ਮੰਡੀਆਂ ’ਚ ਪਈ ਲੱਖਾਂ ਬੋਰੀ ਕਣਕ ਵੀ ਭਿੱਜ ਗਈ ਹੈ। ਜਗਰਾਉਂ ਸਣੇ ਪੇਂਡੂ ਖੇਤਰ ਦੀਆਂ ਮੰਡੀਆਂ ਦੇ ਦੌਰੇ ਸਮੇਂ ਮਜ਼ਦੂਰ ਪਾਣੀ ’ਚ ਡੁੱਬੀਆਂ ਅਤੇ ਭਿੱਜੀਆਂ ਕਣਕ ਦੀਆਂ ਬੋਰੀਆਂ ਨੂੰ ਚੁੱਕਣ ’ਚ ਰੁੱਝੇ ਹੋਏ ਸਨ। ਫੜਾਂ ’ਤੇ ਪਈਆਂ ਬੋਰੀਆਂ ’ਤੇ ਹੀ ਕਣਕ ਦੀਆਂ ਭਿੱਜੀਆਂ ਬੋਰੀਆਂ ਨੂੰ ਰੱਖਿਆ ਜਾ ਰਿਹਾ ਸੀ। ਚੁਕਾਈ ਦਾ ਕੰਮ ਸੁਸਤ ਹੋਣ ਕਰ ਕੇ ਧਾਕਾਂ ’ਚ ਲਾਈਆਂ ਬੋਰੀਆਂ ਵੀ ਭਿੱਜ ਗਈਆਂ। ਸਵੇਰ ਸਮੇਂ ਵੀ ਮੀਂਹ ਪਿਆ ਜਿਸ ਦੌਰਾਨ ਕਣਕ ਦੀਆਂ ਬਹੁਤੀਆਂ ਢੇਰੀਆਂ ਨੂੰ ਪੱਲੀਆਂ ਨਾਲ ਢਕਿਆ ਹੋਇਆ ਸੀ। ਇਸ ਦੇ ਬਾਵਜੂਦ ਮੀਂਹ ਨੇ ਕਣਕ ਦਾ ਨੁਕਸਾਨ ਕੀਤਾ ਹੈ।
ਜਗਰਾਉਂ ਨਾਲ ਲੱਗਦੇ ਪਿੰਡਾਂ ਸ਼ੇਰਪੁਰ ਕਲਾਂ, ਕੋਠੇ ਜੀਵੇ, ਬੋਦਲਵਾਲਾ, ਅਖਾੜਾ, ਕਾਉਂਕੇ ਆਦਿ ’ਚ ਹਾਲੇ ਵੀ ਕਾਫ਼ੀ ਕਣਕ ਖੇਤਾਂ ’ਚ ਖੜ੍ਹੀ ਹੈ। ਮੰਡੀ ਦੇ ਆੜ੍ਹਤੀਆਂ ਨੇ ਦੱਸਿਆ ਕਿ ਬਾਰਦਾਨੇ ਦੀ ਭਾਰੀ ਕਮੀ ਨੇ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਪਰਮਜੀਤ ਸਿੰਘ ਅਤੇ ਸਵਰਨ ਸਿੰਘ ਨੇ ਦੋਸ਼ ਲਾਇਆ ਕਿ ਖ਼ਰੀਦ ਏਜੰਸੀ ਵਾਲੇ ਕੁਝ ਚੋਣਵੇਂ ਆੜ੍ਹਤੀਆਂ ਨੂੰ ਤਾਂ ਮੰਗ ਅਨੁਸਾਰ ਬਾਰਦਾਨਾ ਦੇ ਰਹੇ ਹਨ ਪਰ ਬਹੁਤੇ ਆੜ੍ਹਤੀਆਂ ਨੂੰ ਤਰਲੇ ਕੱਢਣ ’ਤੇ ਵੀ ਬਾਰਦਾਨਾ ਨਹੀਂ ਮਿਲ ਰਿਹਾ। ਬਾਰਦਾਨਾ ਨਾ ਹੋਣ ਕਰ ਕੇ ਖ਼ਰੀਦ ਦਾ ਕੰਮ ਰੁਕਿਆ ਪਿਆ ਹੈ। ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਸਰਕਾਰ ਤੋਂ ਬਾਰਦਾਨੇ ਦੀ ਘਾਟ ਫੌਰੀ ਦੂਰ ਕਰਨ ਦੀ ਮੰਗ ਕੀਤੀ ਹੈ। ਕਿਸਾਨ ਕਰਮ ਸਿੰਘ ਤੇ ਤਜਿੰਦਰ ਸਿੰਘ ਨੇ ਮੰਡੀਆਂ ’ਚ ਲੋੜੀਂਦੇ ਪ੍ਰਬੰਧਾਂ ਦੀ ਘਾਟ ਦੀ ਗੱਲ ਆਖੀ ਹੈ।
ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਮੀਂਹ ਕਰ ਕੇ ਕੰਮ ’ਚ ਰੁਕਾਵਟ ਆਈ ਹੈ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਲੇਬਰ ਦੀ ਘਾਟ ਕਰ ਕੇ ਚੁਕਾਈ ’ਚ ਦਿੱਕਤ ਆ ਰਹੀ ਹੈ। ਕੇਂਦਰ ਸਰਕਾਰ ਨੇ ਬਾਰਦਾਨਾ ਪੂਰਾ ਨਹੀਂ ਭੇਜਿਆ ਪਰ ਸੂਬਾ ਸਰਕਾਰ ਇਸ ਦਾ ਪ੍ਰਬੰਧ ਕਰ ਰਹੀ ਹੈ।