ਚਰਨਜੀਤ ਸਿੰਘ ਢਿੱਲੋਂ
ਜਗਰਾਉਂ ,11 ਜੂਨ
ਅਤਿ ਦੀ ਗਰਮੀ ਤੋਂ ਬਾਅਦ ਬੀਤੇ ਕੱਲ੍ਹ ਦੇਰ ਸ਼ਾਮ ਨੂੰ ਆਏ ਤੂਫਾਨ , ਬਾਰਸ਼ ਅਤੇ ਗੜਿਆਂ ਨੇ ਆਮ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਦਿੱਤੀ ਹੈ ,ਪਰ ਦੂਜੇ ਪਾਸੇ ਇਲਾਕੇ ਭਰ ਵਿੱਚ ਵੱਡੀ ਗਿਣਤੀ ਵਿੱਚ ਦਰੱਖਤ ਜੜ੍ਹੋਂ ਪੁੱਟੇ ਗਏ। ਫਸਲਾਂ ,ਬਿਜਲੀ ਦੇ ਖੰਭੇ ਤਾਰਾਂ ਦਾ ਵੀ ਭਾਰੀ ਨੁਕਸਾਨ ਹੋਇਆ। ਸਾਰਾ ਦਿਨ ਪਾਵਰਕੌਮ ਮੁਲਾਜ਼ਮ ਖੰਭੇ ਖੜ੍ਹੇ ਕਰਨ ਅਤੇ ਨੁਕਸਾਨੀਆਂ ਤਾਰਾਂ ਨੂੰ ਠੀਕ ਕਰਨ ਵਿੱਚ ਲੱਗੇ ਰਹੇ । ਪੂਰਾ ਦਿਨ ਅੱਧੇ ਤੋਂ ਵੱਧ ਇਲਾਕੇ ਦੇ ਪਿੰਡਾਂ ਅਤੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬੱਤੀ ਗੁੱਲ ਰਹੀ। ਖੇਤਾਂ ਵਿੱਚ ਵਾਢੀ ਲਈ ਤਿਆਰ ਖੜ੍ਹੀ ਮੂੰਗੀ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਪੀੜਤ ਕਿਸਾਨ ਅਮਨਦੀਪ ਸਿੰਘ, ਮਨਦੀਪ ਸਿੰਘ ,ਸੁਖਪਾਲ ਸਿੰਘ ਢਿੱਲੋਂ ,ਜਗਦੇਵ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਮੂੰਗੀ ਦੀ ਵਢਾਈ ਦਾ ਕੰਮ ਜੋਰ-ਸ਼ੋਰ ਨਾਲ ਚੱਲ ਰਿਹਾ ਹੈ। ਬੀਤੇ ਕੱਲ ਦੇਰ ਸ਼ਾਮ ਨੂੰ ਆਏ ਤੂੂਫਾਨ ਅਤੇ ਬਾਰਸ਼ ਨੇ ਮੂੰਗੀ ਦੀ ਫਸਲ ਤਬਾਹ ਕਰ ਦਿੱਤੀ ਹੈ। ਖੇਤਾਂ ਵਿੱਚ ਪਾਣੀ ਖੜ੍ਹਨ ਨਾਲ ਕੁੱਝ ਦਿਨ ਵਾਢੀ ਨਹੀਂ ਕੀਤੀ ਜਾ ਸਕਦੀ । ਜੋਬਨ ਤੇ ਆਈ ਮੂੰਗੀ ਨੂੰ ਗੜਿਆਂ ਨੇ ਭੰਨ ਦਿੱਤਾ ਹੈ । ਖੇਤਾਂ ਵਿੱਚ ਡੰਡਲ ਹੀ ਦਿਖਾਈ ਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਫਸਲਾਂ ਦੇ ਹੋਏ ਨੁਕਸਾਨ ਦਾ ਸਰਕਾਰ ਮੁਆਵਜ਼ਾ ਦੇਵੇ ।
ਝੱਖੜ ਨਾਲ ਮੋਬਾਈਲ ਟਾਵਰ ਡਿੱਗਿਆ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਇੱਥੇ ਝੱਖੜ ਨੇ ਕਈ ਖੰਭੇ, ਦਰੱਖਤ ਪੁੱਟ ਸੁੱਟੇ। ਬਿਜਲੀ ਦੀਆਂ ਤਾਰਾਂ ਟੁੱਟਣ ਨਾਲ ਵੀ ਬਿਜਲੀ ਸਪਲਾਈ ’ਚ ਵਿਘਨ ਪਿਆ। ਸਥਾਨਕ ਸ਼ੇਰਪੁਰਾ ਰੋਡ ਨੇੜੇ ਇਕ ਖਾਲੀ ਪਲਾਟ ’ਚ ਲੱਗਿਆ ਮੋਬਾਈਲ ਟਾਵਰ ਵੀ ਤੇਜ਼ ਹਨ੍ਹੇਰੀ ਅਤੇ ਝੱਖੜ ਦੀ ਲਪੇਟ ’ਚ ਆਉਣ ਕਾਰਨ ਡਿੱਗ ਗਿਆ। ਸ਼ਹਿਰ ਦੀਆਂ ਕਈ ਦੁਕਾਨਾਂ ਦੇ ਲੱਗੇ ਬੋਰਡ ਤੇ ਸ਼ੈੱਡ ਵੀ ਨੁਕਸਾਨੇ ਗਏ। ਗੁਰੂਸਰ ਗਾਲਬਿ ਰੋਡ ’ਤੇ ਸਥਿਤ ਇਕ ਰਾਈਸ ਮਿੱਲ ਦੀ ਡੇਢ ਸੌ ਫੁੱਟ ਲੰਮੀ ਕੰਧ ਡਿੱਗ ਪਈ। ਇਲਾਕੇ ’ਚ ਕਿਧਰੇ ਵੀ ਇਸ ਹਨ੍ਹੇਰੀ ਝੱਖੜ ਕਾਰਨ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ, ਮਾਲੀ ਨੁਕਸਾਨ ਜ਼ਰੂਰ ਕਈ ਥਾਵਾਂ ’ਤੇ ਕਾਫੀ ਹੋਇਆ। ਅੱਜ ਸਾਰਾ ਦਿਨ ਜਿਥੇ ਬਿਜਲੀ ਸਪਲਾਈ ਬਹਾਲ ਕਰਨ ਲਈ ਮੁਸ਼ੱਕਤ ਕਰਨੀ ਪਈ ਉਥੇ ਹੀ ਲੋਕਾਂ ਨੂੰ ਦਰੱਖਤਾਂ ਦੇ ਡਿੱਗੇ ਟਾਹਣਿਆਂ, ਪੱਤਿਆਂ ਤੇ ਧੂੜ ਮਿੱਟੀ ਦੀ ਸਫਾਈ ’ਤੇ ਕਾਫੀ ਸਮਾਂ ਲਾਉਣਾ ਪਿਆ।
ਤੇਜ਼ ਹਨੇਰੀ ਕਾਰਨ ਸ਼ੈਲਰ ਦੀ ਕੰਧ ਡਿੱਗੀ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਲੰਘੀ ਰਾਤ ਚੱਲੀ ਤੇਜ਼ ਹਨ੍ਹੇਰੀ ਤੇ ਝੱਖੜ ਕਾਰਨ ਪਿੰਡ ਲੱਖੋਵਾਲ ਵਿੱਚ ਸ਼ੈਲਰ ਸ੍ਰੀ ਰਾਧੇ ਗੋਵਿੰਦ ਫੂਡਜ਼ ਦੀ ਚਾਰਦੀਵਾਰੀ ਅਤੇ ਇਮਾਰਤ ਨੁਕਸਾਨੀ ਗਈ। ਸ਼ੈਲਰ ਮਾਲਕ ਵਰੁਣ ਬਾਂਸਲ ਨੇ ਦੱਸਿਆ ਕਿ ਤੇਜ਼ ਬਾਰਿਸ਼ ਤੇ ਹਨ੍ਹੇਰੀ ਚੱਲਣ ਕਾਰਨ ਉਨ੍ਹਾਂ ਦੇ ਸ਼ੈਲਰ ਦੀ ਕਰੀਬ 80 ਤੋਂ 100 ਫੁੱਟ ਦੀ ਚਾਰਦੀਵਾਰੀ ਡਿੱਗ ਗਈ ਅਤੇ ਨਾਲ ਹੀ ਸ਼ੈੱਡ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਤੋਂ ਇਲਾਵਾ ਸ਼ੈਲਰ ਦੇ ਅੰਦਰ ਵਾਲੀ ਦੀਵਾਰ ਡਿੱਗ ਗਈ। ਉਨ੍ਹਾਂ ਦੱਸਿਆ ਕਿ ਇਸ ਨਾਲ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕਰੀਬ 4 ਤੋਂ 5 ਲੱਖ ਰੁਪਏ ਤੱਕ ਦਾ ਮਾਲੀ ਨੁਕਸਾਨ ਹੋ ਗਿਆ। ਸ਼ੈਲਰ ਮਾਲਕ ਵਰੁਣ ਬਾਂਸਲ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।