ਰਾਮ ਗੋਪਾਲ ਰਾਏਕੋਟੀ
ਰਾਏਕੋਟ, 4 ਜਨਵਰੀ
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀ ਰਾਏਕੋਟ ਆਮਦ ਸਬੰਧੀ ਇਤਿਹਾਸਿਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਚ ਜੁੜਿਆ ਜੋੜ ਮੇਲਾ ਢਾਡੀ ਦਰਬਾਰ ਉਪਰੰਤ ਸਮਾਪਤ ਹੋ ਗਿਆ। ਜੋੜ ਮੇਲੇ ਦੌਰਾਨ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ। ਢਾਡੀ ਦਰਬਾਰ ਦੌਰਾਨ ਪ੍ਰਸਿੱਧ ਢਾਡੀ ਭਾਈ ਹਾਕਮ ਸਿੰਘ ਦੀਵਾਨਾ, ਭਾਈ ਭਗਵੰਤ ਸਿੰਘ ਸੱਦੋਵਾਲ, ਭਾਈ ਗੁਰਦੀਪ ਸਿੰਘ ਬਰਨਾਲਾ, ਭਾਈ ਮਨਪ੍ਰੀਤ ਸਿੰਘ ਦੌਧਰ, ਭਾਈ ਬਾਵਾ ਸਿੰਘ ਹਾਂਸ ਕਲਾਂ ਦੇ ਢਾਡੀ ਅਤੇ ਕਵੀਸ਼ਰੀ ਜੱਥਿਆਂ ਨੇ ਗੁਰੂ ਗੋਬਿੰਦ ਸਿੰਘ ਦੀਆਂ ਲਾਸਾਨੀ ਕੁਰਬਾਨੀਆਂ ਸਬੰਧੀ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਬੱਚਿਆਂ ਨੂੰ ਗੁਰੂ ਸਾਹਿਬਾਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਜਾਣੂੰ ਕਰਵਾਉਣਾ ਚਾਹੀਦਾ ਹੈ ਤਾਂ ਜੋ ਨਵੀਂ ਪੀੜ੍ਹੀ ਆਪਣੇ ਕੁਰਬਾਨੀਆਂ ਭਰੇ ਗੌਰਵਮਈ ਧਾਰਮਿਕ ਵਿਰਸੇ ਨਾਲ ਜੁੜ ਸਕੇ। ਜੱਥੇਦਾਰ ਤਲਵੰਡੀ, ਮੈਨੇਜਰ ਕੰਵਲਜੀਤ ਸਿੰਘ ਵੱਲੋਂ ਕਵੀਸ਼ਰੀ ਅਤੇ ਢਾਡੀ ਜੱਥਿਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਮੈਨੇਜਰ ਕੰਵਲਜੀਤ ਸਿੰਘ, ਸਾਬਕਾ ਕੌਂਸਲਰ ਡਾ. ਹਰਪਾਲ ਸਿੰਘ, ਸਾਬਕਾ ਕੌਂਸਲਰ ਬੂਟਾ ਸਿੰਘ ਛਾਪਾ, ਮੈਨੇਜਰ ਨਿਰਭੈ ਸਿੰਘ ਹੇਰਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤ ਹਾਜ਼ਰ ਸੀ।