ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਸਤੰਬਰ
ਸ਼ਹਿਰ ਦੇ ਬਿਜਨੈਸ ਹੱਬ ਫਿਰੋਜ਼ਗਾਂਧੀ ਮਾਰਕੀਟ ’ਚ ਸਥਿਤ ਨਹਿਰੂ ਸਿਧਾਂਤ ਕੇਂਦਰ ਲਈ ਅਲਾਟ ਕੀਤੀ ਗਈ ਜ਼ਮੀਨ ਦੀ ਗਲਤ ਵਰਤੋਂ ਨੂੰ ਲੈ ਕੇ ਅੱਜ ਭਾਜਪਾ ਆਗੂ ਵਨੀਤ ਪਾਲ ਮੌਂਗਾ ਤੇ ਉਨ੍ਹਾਂ ਦੇ ਸਾਥੀਆਂ ਡੀਸੀ ਦਫ਼ਤਰ ਵਿੱਚ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇਸ ਮਾਮਲੇ ਵਿੱਚ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਦੇ ਨਾਂ ’ਤੇ ਚਿੱਠੀ ਵੀ ਦਿੱਤੀ , ਜਿਸ ਵਿੱਚ ਇਸ ਮਾਮਲੇ ਦੀ ਜਾਂਚ ਕਰਵਾ ਕੇਂਦਰ ਦੀ ਅਲਾਟਮੈਂਟ ਰੱਦ ਕਰਵਾਉਣ ਦੀ ਮੰਗ ਕੀਤੀ ਹੈ। ਵਿਨੀਤ ਮੌਂਗਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਆਰਟੀਆਈ ਰਾਹੀਂ ਜਾਣਕਾਰੀ ਲਈ। ਜਿਸ ਅਨੁਸਾਰ ਲੁਧਿਆਣਾ ਨਗਰ ਸੁਧਾਰ ਟਰੱਸਟ ਨੇ ਮਰਹੂਮ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਸਿਧਾਂਤਾਂ ਤੇ ਉਨ੍ਹਾਂ ਦੀ ਸੋਚ ’ਤੇ ਸਮਾਜਿਕ ਗਤੀਵਿਧੀਆਂ ਚਲਾਉਣ ਲਈ ਨਹਿਰੂ ਸਿਧਾਂਤ ਕੇਂਦਰ ਦੇ ਅਹੁਦੇਦਾਰਾਂ ਨੂੰ ਕਰੀਬ 4900 ਗਜ਼ ਜ਼ਮੀਨ ਸਾਲ 1976 ’ਚ ਸਿਰਫ਼ 27 ਰੁਪਏ ਗਜ਼ ਦੇ ਹਿਸਾਬ ਨਾਲ ਅਲਾਟ ਕੀਤੀ ਸੀ ਪਰ ਹੁਣ ਇਸ ਥਾਂ ’ਤੇ ਵਪਾਰਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਦਾ ਹਾਲ ਕਿਰਾਏ ’ਤੇ ਦਿੱਤਾ ਜਾਣ ਲੱਗਿਆ ਹੈ, ਬਾਹਰ ਦੁਕਾਨਾਂ ਬਣਾ ਦਿੱਤੀਆਂ ਗਈਆਂ ਹਨ, ਜਿਨ੍ਹਾਂ ਤੋਂ ਲੱਖਾਂ ਰੁਪਏ ਕਿਰਾਇਆ ਆ ਰਿਹਾ ਹੈ। ਉਨ੍ਹਾਂ ਕਿਹਾ ਉਨ੍ਹਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਇਸ ਆਲਾਟਮੈਂਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।