ਜਸਬੀਰ ਸ਼ੇਤਰਾ
ਜਗਰਾਉਂ, 22 ਜੁਲਾਈ
ਸਥਾਨਕ ਥਾਣੇ ਅੱਗੇ ਚਾਰ ਮਹੀਨੇ ਤੋਂ ਧਰਨੇ ’ਤੇ ਬੈਠੇ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਕੀਤੇ ਐਲਾਨ ਮੁਤਾਬਕ ਅੱਜ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਘਰ ਦਾ ਘਿਰਾਓ ਕਰਨ ਪੁੱਜੇ। ਰੇਲਵੇ ਪੁਲ ਹੇਠਾਂ ਇਕੱਠੇ ਹੋ ਕੇ ਰੈਲੀ ਉਪਰੰਤ ਕਾਫ਼ਲੇ ਦੇ ਰੂਪ ’ਚ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨ ਜਿਵੇਂ ਹੀ ਵਿਧਾਇਕ ਦੇ ਘਰ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਬੈਰੀਕੇਡ ਤੇ ਹੋਰ ਰੋਕਾਂ ਨਾਲ ਇਨ੍ਹਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਪੁਲੀਸ ਨਾਲ ਥੋੜ੍ਹੀ ਧੱਕਾ-ਮੁੱਕੀ ਵੀ ਹੋਈ ਅਤੇ ਪੁਲੀਸ ਕਰਮਚਾਰੀਆਂ ਦੇ ਮੁਕਾਬਲੇ ’ਚ ਜਥੇਬੰਦੀਆਂ ਦੇ ਕਾਰਕੁਨ ਵੱਧ ਗਿਣਤੀ ’ਚ ਹੋਣ ਕਰ ਕੇ ਉਹ ਰੋਕਾਂ ਹਟਾਉਣ ’ਚ ਸਫ਼ਲ ਹੋ ਗਏ। ਵਿਧਾਇਕ ਦੇ ਘਰ ਅੱਗੇ ਪਹੁੰਚ ਕੇ ਉਨ੍ਹਾਂ ਕੀਤੇ ਐਲਾਨ ਮੁਤਾਬਕ ਚਾਰ ਘੰਟੇ ਘਿਰਾਓ ਜਾਰੀ ਰੱਖਿਆ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮੰਗੀ। ਇਸ ਸਮੇਂ ਦੌਰਾਨ ਵਿਧਾਇਕ ਘਰ ’ਚੋਂ ਬਾਹਰ ਨਹੀਂ ਆਏ। ਉਨ੍ਹਾਂ ਬਾਰੇ ਦੱਸਿਆ ਗਿਆ ਕਿ ਉਹ ਕਿਤੇ ਬਾਹਰ ਗਏ ਹੋਏ ਸਨ।
ਜ਼ਿਕਰਯੋਗ ਹੈ ਕਿ ਅਨੁਸੂਚਿਤ ਜਾਤੀ ਨਾਲ ਸਬੰਧਿਤ ਪਰਿਵਾਰ ਦੀ ਕੁਲਵੰਤ ਕੌਰ ਰਸੂਲਪੁਰ ਕਥਿਤ ਪੁਲੀਸ ਤਸ਼ੱਦਦ ਮਗਰੋਂ ਲੰਘੀ ਦਸੰਬਰ ’ਚ ਦਮ ਤੋੜ ਗਈ ਸੀ। ਉਸ ਮਗਰੋਂ ਡੀਐੱਸਪੀ ਸਣੇ ਚਾਰ ਜਣਿਆਂ ਖ਼ਿਲਾਫ਼ ਪੁਲੀਸ ਨੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ ਪਰ ਹਾਲੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਇਸ ਤੋਂ ਪੀੜਤ ਪਰਿਵਾਰ ਸਣੇ ਜਥੇਬੰਦੀਆਂ ’ਚ ਰੋਸ ਹੈ। ਇਸੇ ਦੌਰਾਨ ਅੱਜ ਦਾ ਧਰਨਾ ਵੀ 122ਵੇਂ ਦਿਨ ਜਾਰੀ ਰਿਹਾ। ਇਸ ਦੌਰਾਨ ਸਾਬਕਾ ਵਿਧਾਇਕ ਤਰਸੇਮ ਜੋਧਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਬੀਕੇਯੂ ਦੇ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਦਸਮੇਸ਼ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਕਿਸਾਨ ਸਭਾ ਦੇ ਨਿਰਮਲ ਸਿੰਘ ਧਾਲੀਵਾਲ, ਮਦਨ ਜਗਰਾਉਂ, ਬਲਦੇਵ ਸਿੰਘ, ਜਸਪ੍ਰੀਤ ਸਿੰਘ ਢੋਲਣ ਪੁੱਜੇ ਸਨ। ਆਗੂਆਂ ਨੇ ਕਿਹਾ ਕਿ ਜਗਰਾਉਂ-ਰਾਏਕੋਟ ਮੁੱਖ ਮਾਰਗ ’ਤੇ ਥਾਣੇ ਮੂਹਰੇ ਚਾਰ ਮਹੀਨੇ ਤੋਂ ਧਰਨਾ ਚੱਲਦਾ ਹੋਣ ਦੇ ਬਾਵਜੂਦ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਲੋਕਾਂ ਨੇ ਬਦਲਾਅ ਦੀ ਉਮੀਦ ਨਾਲ ‘ਆਪ’ ਦੇ ਹੱਕ ’ਚ ਵੱਡਾ ਫਤਵਾ ਦਿੱਤਾ ਸੀ ਪਰ ਇਹ ਵੀ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਰਾਹ ਹੀ ਚੱਲ ਰਹੀ ਹੈ। ਅੱਧੇ ਸਾਲ ਤੋਂ ਵੱਧ ਸਮਾਂ ਕੇਸ ਦਰਜ ਹੋਏ ਨੂੰ ਹੋਣ ਦੇ ਬਾਵਜੂਦ ਗ੍ਰਿਫ਼ਤਾਰੀਆਂ ਦਾ ਨਾ ਹੋਣਾ ਕਈ ਸ਼ੰਕੇ ਖੜ੍ਹੇ ਕਰਦਾ ਹੈ। ਘਿਰਾਓ ’ਚ ਸ਼ਾਮਲ ਤਰਲੋਚਨ ਸਿੰਘ ਝੋਰੜਾਂ, ਸੁਖਦੇਵ ਸਿੰਘ ਮਾਣੂੰਕੇ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਦਰਜ ਕੀਤੇ ਗਏ ਕੇਸ ਦੇ ਮੁਲਜ਼ਮਾਂ ਨੂੰ ਬਿਨਾਂ ਦੇਰੀ ਗ੍ਰਿਫ਼ਤਾਰ ਕੀਤਾ ਜਾਵੇ।