ਜੋਗਿੰਦਰ ਸਿੰਘ ਓਬਰਾਏ
ਖੰਨਾ, 15 ਜੁਲਾਈ
ਪੰਜਾਬ ਵਿਚ ਕਾਨੂੰਨ ਦੀ ਮਾੜੀ ਵਿਵਸਥਾ ਅਤੇ ਪੁਲੀਸ ਅਫ਼ਸਰਾਂ ਦੀਆਂ ਵਧੀਕੀਆਂ ਖ਼ਿਲਾਫ਼ ਵੱਖ ਵੱਖ ਇਨਸਾਫ਼ ਪਸੰਦ ਜਥੇਬੰਦੀਆਂ ਨੇ ਇਥੋਂ ਦੇ ਲਲਹੇੜੀ ਚੌਕ ਵਿੱਚ ਰੋਸ ਧਰਨਾ ਦਿੱਤਾ। ਇਸ ਮੌਕੇ ਐੱਸ.ਐੱਸ.ਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਮੰਗ ਪੱਤਰ ਸੌਂਪਦਿਆਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਸੰਦੀਪ ਸਿੰਘ ਰੁਪਾਲੋਂ ਅਤੇ ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਕੰਗ ਨੇ ਕਿਹਾ ਕਿ ਇਸ ਜ਼ਿਲ੍ਹੇ ਅੰਦਰ ਬਹੁਤ ਸਾਰੇ ਪੁਲੀਸ ਅਧਿਕਾਰੀ ਇਹੋ ਜਿਹੇ ਹਨ, ਜਿਹੜੇ ਗਲਤ ਤਰੀਕੇ ਨਾਲ ਕਸੂਰਵਾਰ ਲੋਕਾਂ ਦੀ ਥਾਂ ਨਿਰਦੋਸ਼ ਲੋਕਾਂ ਖਿਲਾਫ਼ ਹੀ ਕਾਰਵਾਈ ਕਰਦੇ ਹਨ ਅਤੇ ਕਾਫ਼ੀ ਲੰਮੇ ਸਮੇਂ ਤੋਂ ਇਕੋਂ ਥਾਂ ’ਤੇ ਡਿਊਟੀ ਕਰਦੇ ਅਧਿਕਾਰੀਆਂ ਦੇ ਗੈਰਕਾਨੂੰਨੀ ਤੇ ਸਮਾਜ ਵਿਰੋਧੀ ਅਨਸਰਾਂ ਨਾਲ ਨੇੜਤਾ ਬਣ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਮਸਲਿਆਂ ’ਤੇ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਵਫ਼ਦ ਵਿਚ ਕਰਨੈਲ ਸਿੰਘ, ਰਾਜ ਕੁਮਾਰ, ਬਲਵੀਰ ਸਿੰਘ, ਸੰਤੋਖ ਸਿੰਘ, ਮਲਕੀਤ ਸਿੰਘ, ਅਮਰਜੀਤ ਸਿੰਘ, ਬਾਬਾ ਮਾਨ ਸਿੰਘ, ਸੁਭਾਸ਼ ਚੰਦਰ, ਨਾਜ਼ਰ ਸਿੰਘ, ਵਰਿੰਦਰ ਸਿੰਘ, ਅਵਤਾਰ ਸਿੰਘ, ਬੇਅੰਤ ਸਿੰਘ, ਬਲਜਿੰਦਰ ਕੌਰ, ਸੰਜਨਾ ਸ਼ਰਮਾ, ਤਰੁਣਪ੍ਰੀਤ ਸਿੰਘ, ਸੁਖਮਨਜੀਤ ਸਿੰਘ ਆਦਿ ਹਾਜ਼ਰ ਸਨ।