ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਜੂਨ
ਸਨਅਤੀ ਸ਼ਹਿਰ ਵਿੱਚੋਂ ਦੋ ਮਹੀਨਿਆਂ ਤੋਂ ਲਾਪਤਾ ਨੌਜਵਾਨ ਦਾ ਕੁੱਝ ਪਤਾ ਨਾ ਲੱਗਣ ਤੋਂ ਪ੍ਰੇਸ਼ਾਨ ਨੌਜਵਾਨ ਦੇ ਰਿਸ਼ਤੇਦਾਰ ਤੇ ਮਾਪਿਆਂ ਨੇ ਅੱਜ ਥਾਣਾ ਦਰੇਸੀ ਦੇ ਅੱਗੇ ਧਰਨਾ ਲਾ ਦਿੱਤਾ। ਨੌਜਵਾਨ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਦੋ ਮਹੀਨੇ ਪਹਿਲਾਂ ਇਲਾਕੇ ਦਾ ਇੱਕ ਨੌਜਵਾਨ ਅਗ਼ਵਾ ਕਰਕੇ ਲੈ ਗਿਆ ਸੀ, ਪਰ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ।
ਲੋਕਾਂ ਨੇ ਦੱਸਿਆ ਕਿ ਉਹ ਥਾਣਾ ਦਰੇਸੀ ਦੇ ਇਲਾਕਾ ਫਤਹਿਗੜ੍ਹ ਗਲੀ ਨੰਬਰ-2 ਦੇ ਵਾਸੀ ਹਨ। ਇਲਾਕੇ ਵਿੱਚ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਮੁਹੱਲੇ ਦੇ ਇੱਕ ਲੜਕੇ ਨਾਲ ਉਨ੍ਹਾਂ ਦੀ ਕਿਸੇ ਗੱਲ ਤੋਂ ਬਹਿਸ ਹੋ ਗਈ ਸੀ। ਉਸ ਨੌਜਵਾਨ ਨੇ ਉਸ ਦਿਨ ਉਨ੍ਹਾਂ ਦੇ ਲੜਕੇ ਅਵਿਨਾਸ਼ ਨੂੰ ਧਮਕੀ ਦਿੱਤੀ ਸੀ। ਪਰਿਵਾਰਕ ਮੈਂਬਰ ਚਰਨਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਇਲਾਕੇ ’ਚ ਰਹਿਣ ਵਾਲੇ ਨੌਜਵਾਨ ਨੇ ਹੀ ਉਨ੍ਹਾਂ ਦੇ ਲੜਕੇ ਨੂੰ ਅਗ਼ਵਾ ਕੀਤਾ ਹੈ। ਉਨ੍ਹਾਂ ਥਾਣਾ ਦਰੇਸੀ ’ਚ ਸ਼ਿਕਾਇਤ ਵੀ ਦਰਜ ਕਰਵਾਈ ਸੀ, ਪਰ ਪੁਲੀਸ ਸਿਰਫ਼ ਲਾਰੇ ਲਾ ਰਹੀ ਹੈ। ਲੜਕੇ ਦੀ ਭਾਲ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਚਰਨਜੀਤ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਸੀਸੀਟੀਵੀ ਫੁਟੇਜ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਮਿਲੀ ਵੀ ਸੀ, ਜੋ ਪੁਲੀਸ ਨੂੰ ਸੌਂਪੀ ਗਈ ਸੀ, ਪਰ ਹਾਲੇ ਤੱਕ ਪੁਲੀਸ ਹੱਥ ਕੋਈ ਸਬੂਤ ਨਹੀਂ ਲੱਗਿਆ। ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪ੍ਰੇਸ਼ਾਨ ਹੋ ਕੇ ਅੱਜ ਉਨ੍ਹਾਂ ਦੇ ਪਰਿਵਾਰ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ।
ਚਰਨਜੀਤ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੂੰ ਨਾ ਹੀ ਸੁਣਦਾ ਹੈ ਤੇ ਨਾ ਹੀ ਉਹ ਬੋਲ ਸਕਦਾ ਹੈ। ਇਸ ਕਾਰਨ ਉਨ੍ਹਾਂ ਨੂੰ ਲੜਕੇ ਦੀ ਜ਼ਿਆਦਾ ਚਿੰਤਾ ਹੈ। ਪਤਾ ਨਹੀਂ ਉਨ੍ਹਾਂ ਦਾ ਲੜਕਾ ਕਿਹੜੇ ਹਲਾਤਾਂ ’ਚ ਹੋਵੇਗਾ। ਜੇਕਰ ਪੁਲੀਸ ਨੇ ਲੜਕੇ ਨੂੰ ਲਿਜਾਣ ਵਾਲੇ ਮੁਲਜ਼ਮਾਂ ਨੂੰ ਨਾ ਫੜ੍ਹਿਆ ਤਾਂ ਉਹ ਲਗਾਤਾਰ ਧਰਨਾ ਦਿੰਦੇ ਰਹਿਣਗੇ। ਮਾਮਲੇ ’ਚ ਥਾਣਾ ਦਰੇਸੀ ਦੇ ਐਸ.ਐਚ.ਓ. ਗੁਰਜੀਤ ਸਿੰਘ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ। ਸੀਸੀਟੀਵੀ ਫੁਟੇਜ ਚੈਕ ਕੀਤੀ ਜਾ ਰਹੀ ਹੈ। ਜਿਸ ਨੌਜਵਾਨ ਦੀ ਪਰਿਵਾਰ ਦੇ ਮੈਂਬਰ ਗੱਲ ਕਰ ਰਹੇ ਹਨ ਕਿ ਉਸ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਜਲਦੀ ਹੀ ਅਵਿਨਾਸ਼ ਦੀ ਭਾਲ ਕਰ ਲਈ ਜਾਵੇਗੀ।