ਸੰਤੋਖ ਗਿੱਲ
ਰਾਏਕੋਟ, 14 ਸਤੰਬਰ
ਲਾਲ ਝੰਡਾ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਅਤੇ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਏਕੋਟ ਦੇ ਦਫ਼ਤਰ ਸਾਹਮਣੇ ਵੱਡੀ ਗਿਣਤੀ ਮਜ਼ਦੂਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਰੁਕੇ ਕੰਮ ਮੁੜ ਚਾਲੂ ਕਰਨ ਦੀ ਮੰਗ ਕੀਤੀ।
ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਪਿੰਡਾਂ ਦੇ ਸਰਪੰਚ ਅਤੇ ਪੰਚ ਆਪਣੇ ਚਹੇਤਿਆਂ ਨੂੰ ਤਾਂ ਕੰਮ ਵੀ ਦਿੰਦੇ ਹਨ ਅਤੇ ਬਿਨਾ ਕੰਮ ਕੀਤੇ ਘਰ ਬੈਠਿਆਂ ਦੀਆਂ ਹਾਜ਼ਰੀਆਂ ਲਾ ਕੇ ਸਰਕਾਰੀ ਖ਼ਜ਼ਾਨੇ ਨੂੰ ਰੱਜ ਕੇ ਚੂਨਾ ਵੀ ਲਾਉਂਦੇ ਹਨ ਜਦਕਿ ਉਨ੍ਹਾਂ ਦੀ ਈਨ ਨਾ ਮੰਨਣ ਵਾਲਿਆਂ ਨੂੰ ਕੀਤੇ ਕੰਮਾਂ ਦੀ ਅਦਾਇਗੀ ਵਿਚ ਵੀ ਆਨਾਕਾਨੀ ਕੀਤੀ ਜਾਂਦੀ ਹੈ। ਸੀਟੂ ਆਗੂਆਂ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਪਰਮਿੰਦਰ ਸਿੰਘ ਨੂੰ ਮੰਗ-ਪੱਤਰ ਵੀ ਸੌਂਪਿਆ। ਉਨ੍ਹਾਂ ਸੀਟੂ ਆਗੂਆਂ ਨੂੰ ਭਰੋਸਾ ਦਿੱਤਾ ਕਿ ਜਿਹੜੇ ਮਜ਼ਦੂਰਾਂ ਨੂੰ ਕੰਮ ਘੱਟ ਮਿਲਿਆ ਹੈ, ਬਾਰੇ ਆਨਲਾਈਨ ਚੈੱਕ ਕਰ ਕੇ ਉਨ੍ਹਾਂ ਨੂੰ ਕੰਮ ਦਿੱਤਾ ਜਾਵੇਗਾ ਅਤੇ ਸਮੇਂ ਸਿਰ ਅਦਾਇਗੀ ਵੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਰੁਕੇ ਕੰਮ ਚਾਲੂ ਕਰਨ ਦਾ ਵੀ ਭਰੋਸਾ ਦਿੱਤਾ।
ਇਸ ਮੌਕੇ ਸੀਟੂ ਆਗੂ ਕਰਨੈਲ ਸਿੰਘ, ਗੁਰਮੁਖ ਸਿੰਘ, ਗੁਰਦੇਵ ਸਿੰਘ, ਰਣਜੀਤ ਕੌਰ, ਸੁਰਜੀਤ ਕੌਰ ਅਤੇ ਰੂਪ ਕੌਰ ਨੇ ਸੰਬੋਧਨ ਕੀਤਾ।