ਗਗਨਦੀਪ ਅਰੋੜਾ
ਲੁਧਿਆਣਾ, 17 ਨਵੰਬਰ
ਖੰਨਾ ਪੁਲੀਸ ਕੋਲ ਮਾਮਲੇ ਦੀ ਸੁਣਵਾਈ ਨਾ ਹੋਣ ’ਤੇ ਔਰਤ ਨੇ ਆਪਣੇ ਪਰਿਵਾਰ ਸਣੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਫਿਰੋਜ਼ਪੁਰ ਰੋਡ ਨੂੰ ਜਾਮ ਕਰ ਦਿੱਤਾ। ਚਾਰ ਲੋਕਾਂ ਨੇ ਉਥੋਂ ਲੰਘਣ ਵਾਲੇ ਵਾਹਨਾਂ ਨੂੰ ਰੋਕ ਲਿਆ। ਪੁਲੀਸ ਮੁਲਾਜ਼ਮਾਂ ਨੇ ਔਰਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਔਰਤ ਨਹੀਂ ਮੰਨੀ। ਪ੍ਰਦਰਸ਼ਨ ਦੌਰਾਨ ਔਰਤ ਨੇ ਐੱਸ.ਐੱਸ.ਪੀ. ਖੰਨਾ ਅਤੇ ਡੀਐੱਸਪੀ ਸਮਰਾਲਾ ਦੇ ਨਾਲ-ਨਾਲ ਮਾਛੀਵਾੜਾ ਪੁਲੀਸ ’ਤੇ ਨਸ਼ਾ ਤਸਕਰਾਂ ਦਾ ਸਾਥ ਦੇਣ ਦੇ ਦੋਸ਼ ਲਾਏ। ਔਰਤ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਕੋਲ ਵੀ ਗਈ ਸੀ। ਅਧਿਕਾਰੀਆਂ ਦੇ ਕੋਲ ਵੀ ਗਈ ਪਰ ਕਿਤੇ ਵੀ ਉਸਦੀ ਸੁਣਵਾਈ ਨਹੀਂ ਹੋਈ। ਉਸਨੇ ਕਿਹਾ ਕਿ ਉਸਦੇ ਤੇ ਉਸਦੇ ਪਰਿਵਾਰ ਦੀ ਮੌਤ ਦੇ ਜ਼ਿੰਮੇਵਾਰ ਖੰਨਾ ਪੁਲੀਸ ਦੇ ਅਧਿਕਾਰੀ ਹੋਣਗੇ।
ਪ੍ਰਦਰਸ਼ਨ ਕਰਨ ਵਾਲੀ ਗੁਰਸ਼ਰਨ ਕੌਰ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਨਸ਼ੇ ਖਿਲਾਫ਼ ਲੜਾਈ ਲੜ ਰਹੀ ਹੈ ਪਰ ਨਸ਼ਾ ਤਸਕਰਾਂ ਦੇ ਨਾਲ ਪੁਲੀਸ ਮਿਲੀ ਹੋਈ ਹੈ। 12 ਤਰੀਕ ਨੂੰ ਉਸ ਦੇ ਪਰਿਵਾਰ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਜਦੋਂ ਉਹ ਸ਼ਿਕਾਇਤ ਦੇਣ ਗਏ ਤਾਂ ਉਲਟਾ ਉਨ੍ਹਾਂ ’ਤੇ ਹੀ ਕੇਸ ਦਰਜ ਕਰ ਲਿਆ ਗਿਆ। ਉਨ੍ਹਾਂ ’ਤੇ ਹਮਲਾ ਕਰਨ ਵਾਲੇ ਨਸ਼ਾ ਤਸਕਰ ਸ਼ਰ੍ਹੇਆਮ ਘੁੰਮ ਰਹੇ ਹਨ। ਪੁਲੀਸ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਪਰ ਉਨ੍ਹਾਂ ਦੇ ਖ਼ਿਲਾਫ਼ ਹੀ ਕਾਰਵਾਈ ਕੀਤੀ ਜਾ ਰਹੀ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਮਿਲੇ ਸਨ, ਉਦੋਂ ਉਨ੍ਹਾਂ ਨੇ ਡੀਜੀਪੀ ਨੂੰ ਫੋਨ ਕਰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਡੀਜੀਪੀ ਨੇ ਐੱਸ.ਐੱਸ.ਪੀ. ਨੂੰ ਫੋਨ ਕੀਤਾ ਪਰ ਐੱਸਐੱਸਪੀ ਨੇ ਉਲਟਾ ਉਨ੍ਹਾਂ ਨਾਲ ਰੰਜਿਸ਼ ਕੱਢੀ ਕਿ ਉਹ ਉੱਚ ਅਧਿਕਾਰੀਆਂ ਕੋਲ ਕਿਉਂ ਗਏ। ਔਰਤ ਨੇ ਦੋਸ਼ ਲਾਇਆ ਕਿ ਐੱਸਐੱਸਪੀ ਨੂੰ ਪੂਰੇ ਸਬੂਤ ਦਿੱਤੇ ਸਨ ਪਰ ਤਸਕਰਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਔਰਤ ਤੇ ਉਸਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਈ ਹੱਲ ਨਹੀਂ ਕਰ ਰਹੇ।
ਐੱਸਐੱਸਪੀ ਨੇ ਔਰਤ ਵੱਲੋਂ ਲਗਾਏ ਦੋਸ਼ ਨਕਾਰੇ
ਐੱਸਐੱਸਪੀ ਖੰਨਾ ਗੁਰਸ਼ਰਨ ਸਿੰਘ ਗਰੇਵਾਲ ਨੇ ਔਰਤ ਵੱਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਔਰਤ ਦਾ ਕਿਸੇ ਹੋਰ ਨਾਲ ਝਗੜਾ ਸੀ। ਉਹ ਸਿਵਲ ਹਸਪਤਾਲ ਇਲਾਜ ਲਈ ਗਈ, ਜਦੋਂ ਸਿਵਲ ਹਸਪਤਾਲ ’ਚ ਐੱਸ.ਐੱਮ.ਓ ਕੋਲ ਗਈ ਤਾਂ ਉਨ੍ਹਾਂ ਨਾਲ ਝਗੜਾ ਕਰਨ ਲੱਗੀ। ਉਨ੍ਹਾਂ ਕਿਹਾ ਕਿ ਮਾਛੀਵਾੜਾ ਥਾਣੇ ’ਚ ਔਰਤ ’ਤੇ ਕੇਸ ਦਰਜ ਕਰਵਾਇਆ ਹੈ। ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਈ ਤਾਂ ਉਸਨੇ ਜਬਰ ਜਨਾਹ ਦੇ ਦੋਸ਼ ਲਾਏ ਸਨ। ਐੱਸ.ਐੱਸ.ਪੀ. ਨਵਾਂ ਸ਼ਹਿਰ ਨੇ ਮਾਮਲੇ ਦੀ ਜਾਂਚ ਕੀਤੀ ਸੀ ਪਰ ਔਰਤ ਵੱਲੋਂ ਲਾਏ ਦੋਸ਼ ਗਲਤ ਸਾਬਿਤ ਹੋਏ। ਹੁਣ ਉਹ ਬਿਨਾਂ ਵਜ੍ਹਾ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੂੰ ਬਦਨਾਮ ਕਰ ਰਹੀ ਹੈ।