ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਅਕਤੂਬਰ
ਜਗਰਾਉਂ ਸਮੇਤ ਇਲਾਕੇ ਦੀਆਂ ਪੇਂਡੂ ਮੰਡੀਆਂ ਵਿੱਚ ਝੋਨੇ ਦੀ ਆਮਦ ਤੇਜ਼ ਹੋ ਗਈ ਹੈ ਪਰ ਵਧੇਰੇ ਨਮੀ ਕਾਰਨ ਖਰੀਦ ਦਾ ਕੰਮ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ। ਇਸ ਦੇ ਮੱਦੇਨਜ਼ਰ ਅੱਜ ਆੜ੍ਹਤੀ ਐਸੋਸੀਏਸ਼ਨ ਦੇ ਮੀਟਿੰਗ ਕਰਕੇ ਕਿਸਾਨਾਂ ਨੂੰ ਖੁਆਰੀ ਤੋਂ ਬਚਣ ਲਈ ਸੁੱਕਾ ਝੋਨਾ ਹੀ ਮੰਡੀਆਂ ’ਚ ਲਿਆਉਣ ਦੀ ਅਪੀਲ ਕੀਤੀ ਗਈ। ਪ੍ਰਧਾਨ ਸਵਰਨਜੀਤ ਸਿੰਘ ਗਿੱਦੜਵਿੰਡੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਝੋਨੇ ਦੇ ਸੀਜ਼ਨ ਦੌਰਾਨ ਆ ਰਹੀ ਸਮੱਸਿਆ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਮੇਂ ਫ਼ੈਸਲਾ ਕੀਤਾ ਗਿਆ ਕਿ ਮੰਡੀ ’ਚ ਸਪੀਕਰ ਰਾਹੀਂ ਮੁਨਿਆਦੀ ਕਰਵਾ ਕੇ ਕਿਸਾਨਾਂ ਨੂੰ ਸੁੱਕਾ ਝੋਨਾ ਲਿਆਉਣ ਲਈ ਜਾਗਰੂਕ ਕੀਤਾ ਜਾਵੇਗਾ। ਸੁੱਕਾ ਝੋਨਾ ਆਉਣ ਨਾਲ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ ਅਤੇ ਤੁਲਾਈ ਵੀ ਛੇਤੀ ਹੋਵੇਗੀ। ਆੜ੍ਹਤੀਆਂ ਨੇ ਕਿਹਾ ਕਿ ਪਿਛਲੇ ਦਿਨਾਂ ’ਚ ਕਈ ਕੁਇੰਟਲ ਝੋਨਾ ਮੰਡੀਆਂ ’ਚ ਆਇਆ ਪਰ ਖਰੀਦ ਉਸ ਹਿਸਾਬ ਨਾਲ ਘੱਟ ਹੋਈ ਹੈ। ਸਰਕਾਰ ਵੱਲੋਂ ਮਿੱਥੀਆਂ ਸ਼ਰਤਾਂ ਕਰਕੇ ਖਰੀਦ ਏਜੰਸੀਆਂ ਦੇ ਅਧਿਕਾਰੀ ਵਧੇਰੇ ਨਮੀ ਵਾਲੇ ਝੋਨੇ ਦੀ ਬੋਲੀ ਨਹੀਂ ਲਾਉਂਦੇ। ਨਤੀਜੇ ਵਜੋਂ ਕਿਸਾਨਾਂ ਨੂੰ ਮੰਡੀਆਂ ’ਚ ਉਡੀਕ ਕਰਨੀ ਪੈ ਰਹੀ ਹੈ। ਇਸ ਸਮੱਸਿਆ ਕਰਕੇ ਆੜ੍ਹਤੀਆਂ ਨੇ ਕਿਸਾਨਾਂ ਨੂੰ ਖੁਆਰੀ ਤੋਂ ਬਚਾਉਣ ਲਈ ਇਹ ਅਪੀਲ ਤੇ ਮੁਨਿਆਦੀ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਤੋਂ ਇਲਾਵਾ ਰਵੀ ਗੋਇਲ, ਪ੍ਰਹਲਾਦ ਸਿੰਗਲਾ, ਬਲਵਿੰਦਰ ਸਿੰਘ ਭੰਮੀਪੁਰਾ, ਪਰਮਜੀਤ ਸਿੰਘ ਪੰਮਾ, ਗੁਰਮੀਤ ਸਿੰਘ ਦੌਧਰ, ਗੁਰਮੀਤ ਸਿੰਘ ਗਰੇਵਾਲ, ਸਤਪਾਲ ਗਰਗ, ਅੰਮ੍ਰਿਤਪਾਲ ਸਿੰਘ, ਰਾਜੀਵ ਅਗਰਵਾਲ, ਸੰਜੀਵ ਝੰਜੀ ਆਦਿ ਮੌਜੂਦ ਸਨ।