ਗਗਨਦੀਪ ਅਰੋੜਾ
ਲੁਧਿਆਣਾ, 22 ਸਤੰਬਰ
ਸ਼ਹਿਰ ’ਚ ਇੱਕ ਅਜਿਹਾ ਪੈਟਰੋਲ ਪੰਪ ਖੋਲ੍ਹਿਆ ਗਿਆ ਹੈ, ਜਿੱਥੇ ਪੁਲੀਸ ਦੀ ਸੁਰੱਖਿਆ ਹੇਠ ਲੋਕਾਂ ਨੂੰ ਤੇਲ ਪਾਇਆ ਜਾ ਰਿਹਾ ਹੈ। ਦਰਅਸਲ, ਇਸ ਪੈਟਰੋਲ ਪੰਪ ’ਤੇ ਮੁਲਾਜ਼ਮਾਂ ਦੇ ਨਾਲ-ਨਾਲ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕੈਦੀ ਵੀ ਕੰਮ ਕਰ ਰਹੇ ਹਨ। ਇਹ ਕੈਦੀ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਡਿਊਟੀ ’ਤੇ ਆਉਂਦੇ ਹਨ ਤੇ ਡਿਊਟੀ ਖਤਮ ਕਰ ਕੇ ਵਾਪਸ ਚਲੇ ਜਾਂਦੇ ਹਨ। ਇਨ੍ਹਾਂ ਕੈਦੀਆਂ ਦੇ ਨਾਲ ਜੇਲ੍ਹ ਤੋਂ ਬਾਕਾਇਦਾ ਸੁਰੱਖਿਆ ਮੁਲਾਜ਼ਮ ਵੀ ਆਉਂਦੇ ਹਨ। ਇੰਨਾ ਹੀ ਨਹੀਂ ਇਨ੍ਹਾਂ ਕੈਦੀਆਂ ਨੂੰ ਦੁਪਹਿਰ ਦਾ ਖਾਣਾ ਕਿਤੇ ਬਾਹਰ ਨਹੀਂ ਬਲਕਿ ਜੇਲ੍ਹ ਦੇ ਅੰਦਰੋਂ ਹੀ ਪੈਟਰੋਲ ਪੰਪ ’ਤੇ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਕਿ ਡਿਊਟੀ ਦੌਰਾਨ ਉਹ ਲੰਚ ਟਾਈਮ ’ਤੇ ਖਾਣਾ ਖਾ ਸਕਣ। ਡਿਊਟੀ ਖ਼ਤਮ ਕਰ ਕੇ ਉਹ ਫਿਰ ਜੇਲ੍ਹ ਵਾਪਸ ਪਰਤ ਜਾਂਦੇ ਹਨ। ਕੁਝ ਦਿਨ ਪਹਿਲਾਂ ਸਰਕਾਰ ਵੱਲੋਂ ਕੇਂਦਰੀ ਜੇਲ੍ਹ ਕੋਲ ਉਜਾਲਾ ਫਿਊਲਜ਼ ਪੈਟਰੋਲ ਪੰਪ ਖੋਲ੍ਹਿਆ ਗਿਆ ਸੀ ਜੋ ਪੰਜਾਬ ਪ੍ਰਿਜਨਰ ਡਿਵੈਲਪਮੈਂਟ ਬੋਰਡ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਚਲਾਇਆ ਜਾ ਰਿਹਾ ਹੈ। ਇੱਥੇ 11 ਮੁਲਾਜ਼ਮ ਕੰਪਨੀ ਵੱਲੋਂ ਤਾਇਨਾਤ ਕੀਤੇ ਗਏ ਹਨ ਅਤੇ ਚਾਰ ਕੈਦੀ ਜੇਲ੍ਹ ਵਿਭਾਗ ਵੱਲੋਂ ਲਾਏ ਗਏ ਹਨ। ਇਸ ਪੰਪ ਦਾ ਹਿਸਾਬ ਕਿਤਾਬ ਜੇਲ੍ਹ ਵਿਭਾਗ ਨੂੰ ਵੀ ਭੇਜਿਆ ਜਾ ਰਿਹਾ ਹੈ।
ਸਾਰੇ ਡਿਊਟੀ ’ਤੇ ਆਉਂਦਿਆਂ ਹੀ ਸੰਭਾਲ ਲੈਂਦੇ ਹਨ ਕੰਮ: ਮੈਨੇਜਰ
ਪੈਟਰੋਲ ਪੰਪ ਦੇ ਮੈਨੇਜਰ ਬੂਟਾ ਸਿੰਘ ਨੇ ਦੱਸਿਆ ਕਿ ਪੰਪ ’ਤੇ ਇੱਕ ਕੰਪਨੀ ਦੇ ਵੱਲੋਂ 11 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਦੋਂਕਿ ਜੇਲ੍ਹ ਵਿਭਾਗ ਵੱਲੋਂ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਲਾਉਣਾ ਸੀ। ਚਾਰ ਕੈਦੀਆਂ ਦੀ ਡਿਊਟੀ ਲਾਈ ਗਈ ਹੈ ਤੇ ਉਨ੍ਹਾਂ ਨਾਲ 2 ਸੁਰੱਖਿਆ ਮੁਲਾਜ਼ਮ ਹਥਿਆਰਾਂ ਨਾਲ ਲੈਸ ਹੋ ਕੇ ਆਉਂਦੇ ਹਨ। ਉਨ੍ਹਾਂ ਦਾ ਡਿਊਟੀ ਟਾਈਮ ਵੀ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਹੀ ਹੈ। ਉਹ ਸਵੇਰੇ ਸਾਢੇ 9 ਵਜੇ ਆਪਣੀ ਵਰਦੀ ’ਚ ਆ ਜਾਂਦੇ ਹਨ ਤੇ ਸ਼ਾਮ ਸਾਢੇ ਪੰਜ ਵਜੇ ਡਿਊਟੀ ਖ਼ਤਮ ਕਰ ਕੇ ਵਾਪਸ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰੇ ਕੈਦੀਆਂ ਦਾ ਦੁਪਹਿਰ ਦਾ ਖਾਣਾ ਵੀ ਜੇਲ੍ਹ ’ਚੋਂ ਹੀ ਆਉਂਦਾ ਹੈ। ਮੈਨੇਜਰ ਬੂਟਾ ਸਿੰਘ ਨੇ ਦੱਸਿਆ ਕਿ ਜੇਲ੍ਹ ਵਿਭਾਗ ਵੱਲੋਂ ਇਹ ਕੋਸ਼ਿਸ਼ ਇਸ ਲਈ ਕੀਤੀ ਗਈ ਹੈ ਤਾਂ ਕਿ ਜੇਲ੍ਹ ’ਚ ਬੰਦ ਕੈਦੀ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਜਦੋਂ ਬਾਹਰ ਜਾਣ ਤਾਂ ਚੰਗਾ ਜੀਵਨ ਬਤੀਤ ਕਰਨ। ਚਾਰੇ ਕੈਦੀਆਂ ਦਾ ਅਕਸ ਚੰਗਾ ਰਿਹਾ ਹੈ ਅਤੇ ਚਾਰੇ ਡਿਊਟੀ ’ਤੇ ਆਉਂਦੇ ਹੀ ਆਪਣਾ ਕੰਮ ਸੰਭਾਲ ਲੈਂਦੇ ਹਨ। ਉਨ੍ਹਾਂ ਦਾ ਪੰਪ ’ਤੇ ਸਿਰਫ਼ ਪੈਟਰੋਲ ਪਾਉਣ ਦਾ ਕੰਮ ਹੈ।